ਕਿਸ਼ਨਗੜ੍ਹ, 3 ਜਨਵਰੀ (ਹੁਸਨ ਲਾਲ) - ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਨਜ਼ਦੀਕ ਬੀਤੀ ਰਾਤ ਇੱਕ ਢਾਬੇ ਕੋਲ ਸੰਘਣੀ ਧੁੰਦ ਕਾਰਨ ਬਜਰੀ ਨਾਲ ਭਰਿਆ ਟਿੱਪਰ ਕਾਰ ਨਾਲ ਟਕਰਾਉਣ ਤੋਂ ਬਾਅਦ ਢਾਬੇ ਅੱਗੇ ਖੜੇ ਦੋ ਖਾਲੀ ਗੈਸ ਵਾਲੇ ਟੈਂਕਰਾਂ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਇੱਕ ਟਿੱਪਰ (ਘੋੜਾ) ਜੋ ਬਜਰੀ ਨਾਲ ਭਰਿਆ ਹੋਇਆ ਸੀ, ਦਾ ਚਾਲਕ ਪਠਾਨਕੋਟ ਤੋਂ ਜਲੰਧਰ ਨੂੰ ਜਾ ਰਿਹਾ ਸੀ ਜਦੋਂ ਉਹ ਅੱਡਾ ਬਿਆਸ ਪਿੰਡ ਨਜ਼ਦੀਕ ਇੱਕ ਢਾਬੇ ਦੇ ਕੋਲ ਪਹੁੰਚਿਆ ਤਾਂ ਸੰਘਣੀ ਧੁੰਦ ਹੋਣ ਕਾਰਨ ਉਸ ਦਾ ਬਜਰੀ ਨਾਲ ਭਰਿਆ ਟਿੱਪਰ ਟਰਾਲਾ ਉਸ ਦੇ ਅੱਗੇ ਜਾ ਰਹੀ ਇੱਕ ਆਲਟੋ ਕਾਰ ਨਾਲ ਟਕਰਾ ਗਿਆ | ਸੂਚਨਾ ਮਿਲਣ 'ਤੇ ਐਸ.ਐਸ.ਐਫ. ਦੀ ਟੀਮ ਮੌਕੇ 'ਤੇ ਪਹੁੰਚੀ ਤੇ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਾਲੂ ਕਰਵਾ ਦਿੱਤਾ ਗਿਆ | ਹਾਦਸੇ ਸੰਬੰਧੀ ਪੁਲਿਸ ਚੌਕੀ ਅਲਾਵਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ | ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ |