ਸ਼ਾਹਕੋਟ, 3 ਜਨਵਰੀ (ਸੁਖਦੀਪ ਸਿੰਘ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਤੇ ਸੂਬਾ ਜੁਆਇੰਟ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੰਗ-ਪੱਤਰ 'ਚ ਦਰਜ ਮੰਗਾਂ-ਮਸਲਿਆਂ ਦੇ ਹੱਲ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 6 ਜਨਵਰੀ ਨੂੰ ਵਿਭਾਗੀ ਮੁਖੀ (ਐਚ.ਓ.ਡੀ.) ਮੋਹਾਲੀ, ਮੁੱਖ ਦਫਤਰ ਪਟਿਆਲਾ ਤੇ ਪੰਜਾਬ ਦੇ ਸਮੂਹ ਨਿਗਰਾਨ ਇੰਜੀਨੀਅਰ ਦਫ਼ਤਰਾਂ ਦਾ ਘਿਰਾਓ ਕਰਨ ਦੇ ਉਲੀਕੇ ਪ੍ਰੋਗਰਾਮ ਦੇ ਮੱਦੇਨਜ਼ਰ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੁੱਖ ਦਫ਼ਤਰ ਦੇ ਵੱਲੋਂ ਪੱਤਰ ਜਾਰੀ ਕਰਕੇ 6 ਜਨਵਰੀ ਨੂੰ ਵਿਭਾਗੀ ਮੁਖੀ (ਐਚ.ਓ.ਡੀ.) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੁਹਾਲੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਜਥੇਬੰਦੀ ਨੂੰ ਮੰਗਾਂ ਬਾਰੇ ਵਿਚਾਰ-ਚਰਚਾ ਕਰਨ ਲਈ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ ਫ਼ੈਸਲਾ ਕਰ ਕੇ ਉਲੀਕੇ ਸੰਘਰਸ਼ ਨੂੰ ਇਕ ਵਾਰ ਫਿਲਹਾਲ ਮੁਲਤਵੀ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਮੀਟਿੰਗ ਦੌਰਾਨ ਸਹਿਮਤੀ ਨਾ ਬਣਨ ਦੀ ਸੂਰਤ 'ਚ ਯੂਨੀਅਨ ਵੱਲੋਂ ਇਸੇ ਸੰਘਰਸ਼ ਪ੍ਰੋਗਰਾਮ ਤਹਿਤ ਦੁਬਾਰਾ 8 ਜਨਵਰੀ ਨੂੰ ਘਿਰਾਓ ਕਰਨ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਮਜ਼ਬੂਰ ਹੋਣਾ ਪਵੇਗਾ | ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਜਗਰੂਪ ਸਿੰਘ, ਸੂਬਾ ਪ੍ਰੈੱਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਪ੍ਰਦੂਮਣ ਸਿੰਘ, ਖਜ਼ਾਨਚੀ ਰੁਪਿੰਦਰ ਸਿੰਘ, ਜਸਬੀਰ ਸਿੰਘ ਜਿੰਦਵੜੀ, ਗੁਰਵਿੰਦਰ ਸਿੰਘ ਪੰਜੋਲੀ, ਤੇਜਿੰਦਰ ਸਿੰਘ ਮਾਨ, ਬਲਜੀਤ ਸਿੰਘ ਭੱਟੀ, ਮਨਪ੍ਰੀਤ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ ਬਾਠ, ਸੁਰਿੰਦਰ ਸਿੰਘ, ਉਂਕਾਰ ਸਿੰਘ ਆਦਿ ਮੌਜੂਦ ਸਨ |