ਸੁਲਤਾਨਪੁਰ ਲੋਧੀ, 3 ਜਨਵਰੀ (ਨਰੇਸ਼ ਹੈਪੀ)- ਖੇਡਾਂ ਦੇ ਮੈਦਾਨ ਤੋਂ ਲੈ ਕੇ ਸਿਆਸਤ ਤੱਕ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਅਰਜਨਾ ਅਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਇਕ ਵਾਰ ਫਿਰ ਦਿੱਲੀ ਵਿਚ ਚਰਚਾ ਦਾ ਕੇਂਦਰ ਬਣ ਗਏ ਹਨ | ਦਿੱਲੀ ਦੌਰੇ ਦੌਰਾਨ ਉਸ ਵੇਲੇ ਖ਼ਾਸ ਮੌਕਾ ਦੇਖਣ ਨੂੰ ਮਿਲਿਆ ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਪ੍ਰਵੇਸ਼ ਵਰਮਾ ਨੇ ਸੁਲਤਾਨਪੁਰ ਲੋਧੀ ਦੇ ਮਾਣ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਨੂੰ ਮਿਲ ਕੇ ਆਟੋਗ੍ਰਾਫ ਦੇਣ ਦੀ ਅਪੀਲ ਕੀਤੀ | ਇਸ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਸੱਜਣ ਸਿੰਘ ਚੀਮਾ ਦੇ ਅੰਤਰਰਾਸ਼ਟਰੀ ਖਿਡਾਰੀ ਰੁਤਬੇ ਤੇ ਲੋਕਪਿ੍ਯਤਾ ਦੀ ਸਾਫ਼ ਝਲਕ ਵੇਖਣ ਨੂੰ ਮਿਲਦੀ ਹੈ | ਵੀਡੀਓ ਵਾਇਰਲ ਹੋਣ ਤੋਂ ਬਾਅਦ ਕਪੂਰਥਲਾ ਜ਼ਿਲੇ੍ਹ ਸਮੇਤ ਪੂਰੇ ਇਲਾਕੇ 'ਚ ਮਾਣ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਗੌਰਤਲਬ ਹੈ ਕਿ ਸੱਜਣ ਸਿੰਘ ਚੀਮਾ ਇੱਕ ਪ੍ਰਸਿੱਧ ਬਾਸਕਟਬਾਲ ਖਿਡਾਰੀ ਰਹਿ ਚੁੱਕੇ ਹਨ ਤੇ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਦੇਸ਼ ਦਾ ਅਰਜਨਾ ਅਵਾਰਡ ਵੀ ਮਿਲ ਚੁੱਕਾ ਹੈ | ਖੇਡਾਂ ਵਿਚ ਦੇਸ਼ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਤੋਂ ਬਾਅਦ ਉਹ ਹੁਣ ਸੁਲਤਾਨਪੁਰ ਲੋਧੀ ਹਲਕੇ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਸਿਰਤੋੜ ਯਤਨ ਕਰ ਰਹੇ ਹਨ | ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਾਬਲੀਅਤ ਤੇ ਮਿਹਨਤ ਨਾਲ ਮਿਲਿਆ ਮਾਣ ਸਦਾ ਕਾਇਮ ਰਹਿੰਦਾ ਹੈ, ਚਾਹੇ ਮੈਦਾਨ ਖੇਡ ਦਾ ਹੋਵੇ ਜਾਂ ਸਿਆਸਤ ਦਾ |