ਤਲਵੰਡੀ ਚੌਧਰੀਆਂ, 4 ਜਨਵਰੀ (ਪਰਸਨ ਲਾਲ ਭੋਲਾ)- ਪਿਛਲੇ ਮਹੀਨਿਆਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਸੀ | ਪਿੰਡ ਮਿੱਠੜਾ ਦੀ ਸੜਕ ਵੀ ਉਸੇ ਬਾਰਿਸ਼ ਕਾਰਨ ਕਈ ਥਾਵਾਂ ਤੋਂ ਨੁਕਸਾਨੀ ਗਈ ਅਤੇ ਇਸ ਬਾਰਿਸ਼ ਕਾਰਨ ਸੜਕ ਟੁੱਟੀ ਹੀ ਨਹੀਂ ਸਗੋਂ ਮਿੱਠੜਾ ਪਿੰਡ ਨੂੰ ਜਾਂਦੀ ਸੜਕ ਤੇ ਨਾਲੇ 'ਤੇ ਬਣੀ ਪੁਲੀ ਲੋਕਾਂ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ | ਗੌਰਤਲਬ ਹੈ ਕਿ ਇਸ ਨਾਲੇ ਤੇ ਪਿੰਡ ਮਿੱਠੜਾ ਨੂੰ ਜਾਂਦੀ ਸੜਕ 'ਤੇ ਬਣੀ ਪੁਲੀ ਦੇ ਦੋਵੇਂ ਪਾਸੇ ਨੰਗੇ ਹਨ (ਕੰਧਾਂ ਨਹੀਂ ਹਨ) | ਮੀਂਹ ਕਾਰਨ ਪੁਲੀ ਵਾਲੀ ਸੜਕ ਥੱਲੇ ਧੱਸਦੀ ਜਾਂਦੀ ਹੈ ਜੋ ਹਨੇਰੇ ਸਵੇਰੇ ਆਉਣ ਜਾਣ ਵਾਲੇ ਰਾਹੀਆਂ ਲਈ ਵੱਡਾ ਖ਼ਤਰਾ ਬਣ ਗਈ ਹੈ | ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਤੇਜਵਿੰਦਰ ਸਿੰਘ ਕੌੜਾ, ਸਰਪੰਚ ਰੇਸ਼ਮ ਸਿੰਘ ਧੰਜੂ, ਜਸਵਿੰਦਰ ਸਿੰਘ ਧੰਜੂ, ਹੁਕਮ ਸਿੰਘ ਨੂਰੋਵਾਲ ਸਾਰੇ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਅਮਰਜੀਤ ਸਿੰਘ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਕਪੂਰਥਲਾ, ਕਿਸਾਨ ਆਗੂ ਸਰਵਣ ਸਿੰਘ ਚੰਦੀ, ਹਰਵਿੰਦਰ ਸਿੰਘ ਮਿੱਠੜਾ ਤੇ ਹਰਮਨ ਸਿੰਘ ਨੇ ਪੰਜਾਬ ਸਰਕਾਰ, ਪੀ.ਡਬਲਿਯੂ.ਡੀ. ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਉਕਤ ਪੁਲੀ ਦਾ ਸੁਧਾਰ ਕੀਤਾ ਜਾਵੇ ਤੇ ਟੁੱਟੀ ਹੋਈ ਸੜਕ ਬਣਾ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ |