ਡਡਵਿੰਡੀ, 6 ਜਨਵਰੀ (ਦਿਲਬਾਗ ਸਿੰਘ ਝੰਡ)-ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਧਰਮ ਸਿੰਘ ਖਿੰਡਾ ਮੈਰੀਪੁਰ ਨੇ ਕਿਹਾ ਹੈ ਕਿ ਸਿੱਖ ਕੌਮ ਦੀ ਬਿਹਤਰੀ ਲਈ ਪੰਜਾਬ ਦੇ ਸਮੁੱਚੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂ ਇੱਕਜੁੱਟ ਹੋ ਕੇ ਯਤਨ ਕਰਨ ਤਾਂ ਜੋ ਸਿੱਖ ਕੌਮ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਵੇਲੇ ਸਥਿਤੀ ਇਹੋ ਜਿਹੀ ਬਣੀ ਹੋਈ ਹੈ ਕਿ ਸਿੱਖ ਕੌਮ ਦੇ ਧਾਰਮਿਕ ਤੇ ਸਿਆਸੀ ਆਗੂ ਆਪਸ ਵਿਚ ਉਲਝੇ ਹੋਏ ਹਨ ਜਿਸ ਨਾਲ ਜਿੱਥੇ ਪੂਰੀ ਦੁਨੀਆ ਵਿਚ ਗ਼ਲਤ ਪ੍ਰਭਾਵ ਪੈ ਰਿਹਾ ਹੈ, ਉੱਥੇ ਆਉਣ ਵਾਲੀਆਂ ਪੀੜੀਆਂ ਉੱਪਰ ਵੀ ਗ਼ਲਤ ਪ੍ਰਭਾਵ ਪੈਣ ਦੇ ਅਸਾਰ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਲੁਕਾਈ ਦੇ ਗੁਰੂ ਹਨ ਤੇ ਮਾਨਵਤਾ ਨੂੰ ਹਰ ਤਰ੍ਹਾਂ ਦੇ ਝਮੇਲਿਆਂ 'ਚੋਂ ਸੁਰਖ਼ਰੂ ਕਰਨ ਦੇ ਸਮਰੱਥ ਹਨ | ਉਨ੍ਹਾਂ ਕਿਹਾ ਕਿ ਕੌਮ ਦੇ ਸਮੁੱਚੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਆਗੂਆਂ ਨੂੰ ਆਪਸੀ ਮਤਭੇਦ ਭੇਦ ਭੁੱਲ ਕੇ ਇੱਕਜੁੱਟ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ ਸੇਧ ਮਿਲ ਸਕੇ |