ਗਣਤੰਤਰ ਦਿਵਸ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਧੂਮਧਾਮ ਨਾਲ ਮਨਾਇਆ <br/>
ਅਜੀਤ ਡੈਸਕ
26-01-2026
ਕਪੂਰਥਲਾ, 25 ਜਨਵਰੀ (ਅਮਰਜੀਤ ਕੋਮਲ)- ਗਣਤੰਤਰ ਦਿਵਸ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹੋਏ ਸਮਾਗਮਾਂ ਵਿਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸਕੂਲਾਂ ਦੇ ਬੱਚਿਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸੇ ਸਬੰਧ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਤੇ ਸਕੂਲ ਦੀ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਉਚੇਚੇ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਇੰਜ. ਸਵਰਨ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਨਵਲੀਨ ਕੌਰ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਬਾਰੇ ਜਾਣਕਾਰੀ ਦਿੱਤੀ ਜਦਕਿ ਵਿਦਿਆਰਥਣ ਕੁਲਵਿੰਦਰ ਕੌਰ ਨੇ ਗਣਤੰਤਰ ਦਿਵਸ ਸੰਬੰਧੀ ਕਵਿਤਾ ਪੇਸ਼ ਕੀਤੀ ਤੇ ਬਾਅਦ ਵਿਚ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਤੇ ਦੇਸ਼ ਭਗਤੀ ਨਾਲ ਸਬੰਧਿਤ ਗੀਤਾਂ 'ਤੇ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ | ਸਕੂਲ ਦੇ ਕੇ.ਜੀ. ਵਿੰਗ ਦੇ ਵਿਦਿਆਰਥੀ ਵੱਖ-ਵੱਖ ਰੰਗਾਂ ਦੇ ਲਿਬਾਸ ਪਹਿਨ ਕੇ ਤਿਰੰਗੇ ਝੰਡੇ ਬਣਾਉਂਦੇ ਨਜ਼ਰ ਆਏ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ, ਇੰਜ. ਸਵਰਨ ਸਿੰਘ, ਇੰਜ. ਹਰਨਿਆਮਤ ਕੌਰ, ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਤੇ ਸਕੂਲ ਪਿ੍ੰਸੀਪਲ ਡਿੰਪਲ ਸ਼ਰਮਾ ਨੇ ਵਿਦਿਆਰਥੀਆਂ ਤੇ ਸਕੂਲ ਦੇ ਸਟਾਫ਼ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ
ਗਣਤੰਤਰ ਦਿਵਸ ਸੰਬੰਧੀ ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਆਰੰਭ ਵਿਚ ਸਕੂਲ ਦੀ ਸਕੱਤਰ ਰਾਜਬੀਰ ਕੌਰ ਤੇ ਡਾਇਰੈਕਟਰ ਇੰਜ. ਗੁਰਬਿੰਦਰ ਸਿੰਘ ਨੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੰਵਿਧਾਨਕ ਅਧਿਕਾਰਾਂ 'ਤੇ ਆਧਾਰਿਤ ਨਾਟਕ ਪੇਸ਼ ਕੀਤਾ ਜਦਕਿ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਆਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਆਧਾਰਿਤ ਇਕ ਵਿਸ਼ੇਸ਼ ਗਤੀਵਿਧੀ ਪੇਸ਼ ਕੀਤੀ | ਸਕੂਲ ਪਿ੍ੰਸੀਪਲ ਸਪਨਾ ਚੱਢਾ ਨੇ ਸਮਾਗਮ ਦੀ ਸਫਲਤਾ ਲਈ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਆਪਣੇ ਫ਼ਰਜ਼, ਅਧਿਕਾਰਾਂ ਬਾਰੇ ਸੁਚੇਤ ਰਹਿ ਕੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਹੀ ਵਿਦਿਆਰਥੀਆਂ ਨੂੰ ਅਨੁਸ਼ਾਸਿਤ, ਮਿਹਨਤੀ ਤੇ ਚੰਗੇ ਵਿਦਿਆਰਥੀ ਬਣਨ ਦੀ ਸਹੁੰ ਵੀ ਚੁਕਾਈ ਗਈ | ਸਮਾਗਮ ਵਿਚ ਅੰਤਰ ਹਾਊਸ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਰਾਜਬੀਰ ਕੌਰ, ਇੰਜ. ਗੁਰਬਿੰਦਰ ਸਿੰਘ ਤੇ ਪਿ੍ੰਸੀਪਲ ਸਪਨਾ ਚੱਢਾ ਨੇ ਇਨਾਮ ਤਕਸੀਮ ਕੀਤੇ |
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ
ਗਣਤੰਤਰ ਦਿਵਸ ਮੌਕੇ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਬੀ.ਟੈੱਕ ਡਿਪਲੋਮਾ ਇੰਜੀਨੀਅਰਿੰਗ, ਬੀ.ਕਾਮ, ਬੀ.ਬੀ.ਏ., ਬੀ.ਵਾਕ, ਬੀ.ਐੱਸ.ਸੀ. ਫ਼ੈਸ਼ਨ ਡਿਜ਼ਾਈਨਿੰਗ, ਬੀ.ਐੱਸ.ਸੀ. ਐਮ.ਐਲ.ਐੱਸ. ਤੇ ਬੀ.ਸੀ.ਏ. ਦੇ ਵਿਦਿਆਰਥੀਆ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਰੰਗੋਲੀ ਬਣਾ ਕੇ ਸਕੂਲ ਦੇ ਕੰਪਲੈਕਸ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਬੋਲਦਿਆਂ ਵਿਕਰਮ ਆਨੰਦ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ ਕਰਤੱਵਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ | ਸਮਾਗਮ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ |
ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ
ਗਣਤੰਤਰ ਦਿਵਸ ਦੇ ਸਬੰਧ ਵਿਚ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਕੀਤੇ ਗਏ ਮਾਰਚ ਪਾਸਟ ਉਪਰੰਤ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਸਕੱਤਰ ਪਰਮਿੰਦਰ ਕੌਰ ਤੇ ਪਿ੍ੰਸੀਪਲ ਡਾ. ਹੀਨਾ ਅਰੋੜਾ ਨੇ ਸਾਂਝੇ ਤੌਰ 'ਤੇ ਕੌਮੀ ਝੰਡਾ ਲਹਿਰਾਇਆ | ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਝੰਡੇ ਨੂੰ ਸਲਾਮੀ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਨਾਨਕਪੁਰ ਨੇ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਤੇ ਇੱਥੇ ਰਹਿੰਦੇ ਵੱਖ-ਵੱਖ ਧਰਮਾਂ ਜਾਤਾਂ ਦੇ ਲੋਕਾਂ ਨੂੰ ਭਾਰਤੀ ਸੰਵਿਧਾਨ ਬਰਾਬਰ ਦੇ ਅਧਿਕਾਰ ਦਿੰਦਾ ਹੈ | ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਮੌਕੇ ਵੱਖ-ਵੱਖ ਰਾਜਾਂ ਵਲੋਂ ਦਿਖਾਈਆਂ ਗਈਆਂ ਝਾਕੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਸਮਾਗਮ ਦੀ ਸਮਾਪਤੀ 'ਤੇ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਤੇ ਸਟਾਫ਼ ਨੂੰ ਲੱਡੂ ਵੰਡੇ ਗਏ |
ਲਿਟਲ ਏਾਜਲਸ ਕੋ-ਐੱਡ ਸਕੂਲ
ਲਿਟਲ ਏਾਜਲਸ ਕੋ-ਐੱਡ ਸਕੂਲ ਕਪੂਰਥਲਾ ਵਿਚ ਗਣਤੰਤਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ, ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਤੇ ਉਪ ਪਿ੍ੰਸੀਪਲ ਬਬੀਤਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ | ਸਮਾਗਮ ਦੇ ਆਰੰਭ ਵਿਚ 6ਵੀਂ ਜਮਾਤ ਦੀ ਵਿਦਿਆਰਥਣ ਸੁਖਲੀਨ ਕੌਰ ਨੇ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਬਾਅਦ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਪਹਿਰਾਵੇ ਤੇ ਪੋਸਟਰ ਦਿਖਾਉਂਦਿਆਂ ਸਬੰਧਿਤ ਰਾਜਾਂ ਬਾਰੇ ਜਾਣਕਾਰੀ ਦਿੰਦਿਆਂ ਅਨੇਕਤਾ ਵਿਚ ਏਕਤਾ ਦੀ ਮਿਸਾਲ ਪੇਸ਼ ਕੀਤੀ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |