10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੁਲਤਾਨਪੁਰ ਲੋਧੀ ਨਗਰ ਕੌਂਸਲ 'ਚ ਘਮਾਸਾਨ, ਸਰਵਿਸ ਬੁੱਕ ਵਿਵਾਦ ਨੇ ਫੜਿਆ ਤੂਲ

Ad Position 21
No active advertisement
ਅਜੀਤ ਡੈਸਕ 31-01-2026
ਸੁਲਤਾਨਪੁਰ ਲੋਧੀ, 30 ਜਨਵਰੀ (ਨਰੇਸ਼ ਹੈਪੀ)- ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਚ ਕੁੱਝ ਦਿਨਾਂ ਤੋਂ ਚੱਲ ਰਿਹਾ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ | ਬੀਤੇ ਦਿਨੀਂ ਪਹਿਲਾਂ ਸਰਵਿਸ ਬੁੱਕ ਨੂੰ ਲੈ ਕੇ ਦੇਰ ਰਾਤ ਤੱਕ ਹੰਗਾਮਾ ਹੋਇਆ ਅਤੇ ਪੁਲਿਸ ਦੀ ਦਖ਼ਲ-ਅੰਦਾਜ਼ੀ ਤੋਂ ਬਾਅਦ ਹੁਣ ਇਹ ਮਾਮਲਾ ਐੱਸ.ਡੀ.ਓ. ਨਰੇਸ਼ ਸ਼ਰਮਾ ਤੇ ਨਗਰ ਕੌਂਸਲ ਵਿਚ ਤਾਇਨਾਤ ਲੇਖਾ ਕਲਰਕ ਗੌਰਵ ਸ਼ਰਮਾ ਦਰਮਿਆਨ ਸਿੱਧਾ ਟਕਰਾਅ ਹੋ ਚੁੱਕਾ ਹੈ | ਦੋਵਾਂ ਪੱਖਾਂ ਵੱਲੋਂ ਵੱਖ-ਵੱਖ ਪੈੱ੍ਰਸ ਕਾਨਫ਼ਰੰਸਾਂ ਕਰਕੇ ਇੱਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ ਗਏ ਹਨ ਜਿਸ ਨਾਲ ਮਾਮਲਾ ਹੋਰ ਵੀ ਉਲਝਦਾ ਹੋਇਆ ਦਿਖਾਈ ਦੇ ਰਿਹਾ ਹੈ | ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਐੱਸ.ਡੀ.ਓ. ਨਰੇਸ਼ ਸ਼ਰਮਾ ਨਗਰ ਕੌਂਸਲ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੇ ਆਪਣੀ ਸਰਵਿਸ ਬੁੱਕ ਦੀ ਮੰਗ ਨੂੰ ਲੈ ਕੇ ਰਿਕਾਰਡ ਰੂਮ ਵਿਚ ਦੇਰ ਰਾਤ ਤੱਕ ਬੈਠ ਕੇ ਵਿਰੋਧ ਦਰਜ ਕਰਵਾਇਆ | ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦਾ ਕਿਤੇ ਵੀ ਤਬਾਦਲਾ ਨਹੀਂ ਹੋਇਆ, ਇਸ ਦੇ ਬਾਵਜੂਦ ਉਨ੍ਹਾਂ ਨੂੰ ਜ਼ਬਰਦਸਤੀ ਰਿਲੀਵ ਦੱਸਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਬੈਕ ਡੇਟ ਵਿਚ ਕਿਸੇ ਹੋਰ ਅਧਿਕਾਰੀ ਦੀ ਤਾਇਨਾਤੀ ਦੀ ਤਿਆਰੀ ਕੀਤੀ ਜਾ ਰਹੀ ਹੈ | ਉਨ੍ਹਾਂ ਨੂੰ ਇਹ ਵੀ ਸ਼ੱਕ ਸੀ ਕਿ ਉਨ੍ਹਾਂ ਦੀ ਸਰਵਿਸ ਬੁੱਕ ਅਤੇ ਸ਼ਿਕਾਇਤਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ | ਹਾਲਾਤ ਵਿਗੜਣ 'ਤੇ ਪੁਲਿਸ ਨੂੰ ਵੀ ਮੌਕੇ 'ਤੇ ਆਉਣਾ ਪਿਆ ਸੀ | ਤਾਜ਼ਾ ਘਟਨਾਕ੍ਰਮ ਵਿਚ ਐੱਸ.ਡੀ.ਓ. ਨਰੇਸ਼ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੀ ਸਰਵਿਸ ਬੁੱਕ ਲੈਣ ਲਈ ਦਫ਼ਤਰ ਗਏ ਸਨ ਪਰ ਜਾਣਬੁੱਝ ਕੇ ਉਨ੍ਹਾਂ ਨੂੰ ਸਰਵਿਸ ਬੁੱਕ ਨਹੀਂ ਦਿੱਤੀ ਗਈ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਵਿਸ ਬੁੱਕ ਵਿਚ ਗਲਤ ਐਂਟਰੀ ਕੀਤੀ ਗਈ ਹੈ | ਨਰੇਸ਼ ਸ਼ਰਮਾ ਅਨੁਸਾਰ ਲੇਖਾ ਕਲਰਕ ਗੌਰਵ ਸ਼ਰਮਾ ਸਵੇਰੇ ਕਰੀਬ 8:30 ਵਜੇ ਰਿਕਾਰਡ ਲੈ ਕੇ ਦਫ਼ਤਰ ਤੋਂ ਬਾਹਰ ਗਿਆ ਤੇ ਸ਼ਾਮ ਕਰੀਬ 4 ਵਜੇ ਵਾਪਸ ਆਇਆ | ਇਸ ਦੌਰਾਨ ਪਿਛਲੀ ਤਾਰੀਖ਼ ਪਾ ਕੇ ਐਂਟਰੀ ਕਰਵਾਈ ਗਈ ਤੇ ਬਾਅਦ ਵਿਚ ਉਨ੍ਹਾਂ ਨੂੰ ਪ੍ਰਧਾਨ ਦੇ ਕਮਰੇ ਵਿਚ ਬਿਠਾ ਕੇ ਸਰਵਿਸ ਬੁੱਕ ਸੌਂਪੀ ਗਈ | ਐੱਸ.ਡੀ.ਓ. ਦਾ ਕਹਿਣਾ ਹੈ ਕਿ ਜੇ ਬਿਨਾਂ ਕਿਸੇ ਅਰਜ਼ੀ ਦੇ ਹੀ ਸਰਵਿਸ ਬੁੱਕ ਵਾਪਸ ਦੇਣੀ ਸੀ ਤਾਂ ਇੱਕ ਦਿਨ ਪਹਿਲਾਂ ਕਿਉਂ ਨਹੀਂ ਦਿੱਤੀ ਗਈ | ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਉਹ ਪਹਿਲਾਂ ਦਫ਼ਤਰ ਪਹੁੰਚੇ ਸਨ, ਉਸ ਸਮੇਂ ਸਰਵਿਸ ਬੁੱਕ ਵਿਚ ਕੋਈ ਨਵੀਂ ਐਂਟਰੀ ਨਹੀਂ ਸੀ ਪਰ ਬਾਅਦ ਵਿਚ ਰਿਕਾਰਡ ਬਾਹਰ ਲੈ ਜਾ ਕੇ ਉਸ ਨਾਲ ਹੇਰਾਫੇਰੀ ਕੀਤੀ ਗਈ | ਨਰੇਸ਼ ਸ਼ਰਮਾ ਨੇ ਦੱਸਿਆ ਕਿ ਬਿਮਾਰੀ ਦੇ ਦੌਰਾਨ ਵੀ ਉਸ ਨੇ ਆਨਲਾਈਨ ਕੰਮ ਕੀਤਾ, ਫਿਰ ਵੀ ਉਨ੍ਹਾਂ ਦੀਆਂ ਛੁੱਟੀਆਂ ਨੂੰ ਬਿਨਾਂ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਦੇ ਮਨਜ਼ੂਰ ਕਰਕੇ ਰਿਕਾਰਡ ਵਿਚ ਦਰਜ ਕਰ ਦਿੱਤਾ ਗਿਆ | ਮੀਡੀਆ ਨਾਲ ਗੱਲਬਾਤ ਦੌਰਾਨ ਉਹ ਭਾਵੁਕ ਹੋ ਗਏ ਅਤੇ ਰੋ ਪਏ | ਉਨ੍ਹਾਂ ਨੇ ਕਲਰਕ ਗੌਰਵ ਸ਼ਰਮਾ ਉੱਤੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਵਿਚ ਈ.ਓ. ਦੀ ਮੌਜੂਦਗੀ 'ਚ ਨਵੰਬਰ ਮਹੀਨੇ ਧਮਕਾਉਣ ਤੇ ਕੁੱਟਮਾਰ ਦੇ ਦੋਸ਼ ਵੀ ਲਗਾਏ ਤੇ ਦਫ਼ਤਰ ਵਿਚ ਵੱਡੇ ਪੱਧਰ 'ਤੇ ਘੁਟਾਲੇਬਾਜ਼ੀ ਹੋਣ ਦਾ ਦਾਅਵਾ ਵੀ ਕੀਤਾ | ਇਸ ਬਾਬਤ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਗਈ ਜੋ ਮੁੜ ਤੋਂ ਪੜਤਾਲ ਲਈ ਕਾਰਜ ਸਾਧਕ ਅਫ਼ਸਰ ਕੋਲ ਪਹੁੰਚੀ ਜਿਨ੍ਹਾਂ ਵੱਲੋਂ ਮੇਰੇ ਨਾਲ ਕੁੱਟਮਾਰ ਕਰਨ ਵਾਲੇ ਗੌਰਵ ਸ਼ਰਮਾ ਨੂੰ ਹੀ ਅੱਗੇ ਫਾਰਵਰਡ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਫਿਰ ਦੱਸੋ ਮੈਨੂੰ ਨਿਆਂ ਕਿਵੇਂ ਮਿਲੇਗਾ |
Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਦੇ ਸਕੂਲਾਂ 'ਚ 31 ਜਨਵਰੀ ਦੀ ਛੁੱਟੀ ਦਾ ਐਲਾਨ ਅਗਲੀ ਖ਼ਬਰ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਬੱਸ ਦੀ ਲਪੇਟ 'ਚ ਆਉਣ ਨਾਲ ਪੁਲਿਸ ਇੰਸਪੈਕਟਰ ਦੀ ਮੌਤ <br/>
Ad Position 24