ਨਡਾਲਾ, 31 ਜਨਵਰੀ (ਰਘਬਿੰਦਰ ਸਿੰਘ)- ਕਸਬਾ ਨਡਾਲਾ ਵਿਚ ਸਥਿਤ ਮੁਹੱਲਾ ਕਲੀਨਿਕ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਏਅਰ ਕੰਡੀਸ਼ਨਰ (ਏ.ਸੀ.) ਦੇ ਦੋ ਕੰਪਰੈਸ਼ਰ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ | ਇਸ ਸੰਬੰਧੀ ਡਿਊਟੀ 'ਤੇ ਤਾਇਨਾਤ ਡਾਕਟਰ ਪ੍ਰੀਤ ਕਮਲ ਸੇਖੋਂ ਨੇ ਦੱਸਿਆ ਕਿ ਜਦੋਂ ਅਸੀਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ 9:30 ਵਜੇ ਕਲੀਨਿਕ ਖੋਲਿ੍ਹਆ ਤਾਂ ਵੇਖਿਆ ਕਿ ਮਰੀਜ਼ਾਂ ਦੇ ਵੇਟਿੰਗ ਹਾਲ 'ਚ ਲੱਗੇ ਏ.ਸੀ. ਦਾ ਕੰਪਰੈਸ਼ਰ ਉੱਥੇ ਨਹੀਂ ਸੀ | ਇਸ ਦੌਰਾਨ ਅਸੀਂ ਪੌੜੀ ਲਗਾ ਕੇ ਜਦੋਂ ਛੱਤ ਉੱਪਰ ਜਾ ਕੇ ਦੇਖਿਆ ਤਾਂ ਮੁੱਖ ਦਫ਼ਤਰ ਵਿਚ ਲੱਗੇ ਏ.ਸੀ. ਦਾ ਕੰਪ੍ਰੈਸ਼ਰ ਵੀ ਗ਼ਾਇਬ ਸੀ | ਇਸ ਦੌਰਾਨ ਅਸੀਂ ਤੁਰੰਤ ਹੀ ਇਸ ਘਟਨਾ ਬਾਰੇ ਆਪਣੇ ਸਟਾਫ਼ ਦੇ ਸੀਨੀਅਰ ਅਧਿਕਾਰੀ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਪੁਲਿਸ ਵੱਲੋਂ ਚੋਰਾਂ ਦੀ ਭਾਲ 'ਚ ਜੁੱਟ ਗਈ ਹੈ ਤੇ ਜਲਦ ਹੀ ਚੋਰ ਸਲਾਖ਼ਾਂ ਦੇ ਪਿੱਛੇ ਹੋਣਗੇ |