ਫਗਵਾੜਾ, 31 ਜਨਵਰੀ (ਹਰਜੋਤ ਸਿੰਘ ਚਾਨਾ)- ਨਕਲੀ ਪਾਣੀ ਦੀਆਂ ਟੈਂਕੀਆਂ ਨੂੰ ਤਿਆਰ ਕਰਕੇ ਵੇਚਣ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ 63, 65 ਕਾਪੀ ਰਾਇਟ ਐਕਟ ਤੇ ਧਾਰਾ 318(4) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅਮਨ ਪੁੱਤਰ ਅਸ਼ਵਨੀ ਕੁਮਾਰ ਫ਼ੀਲਡ ਅਫ਼ਸਰ ਸਪੀਡ ਸਰਚ ਐਂਡ ਸਕਿਉਰਿਟੀ ਨੈੱਟਵਰਕ ਪ੍ਰਾਈਵੇਟ ਲਿਮਟਿਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 28 ਜਨਵਰੀ ਨੂੰ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਨਾਨਕ ਨਗਰੀ ਗੇਟ ਮਹੇੜੂ ਵਿਖੇ ਦੋ ਗੱਡੀਆਂ 'ਚ ਨਕਲੀ ਪਲਾਸਟਿਕ ਪਾਣੀ ਵਾਲੀਆਂ ਟੈਂਕੀਆਂ ਮਾਰਕਾ ਸਿੰਨਟੈਕਸ ਤੇ ਸੁਪਰੀਮ ਨਾਲ ਭਰ ਕੇ ਕਿਸੇ ਗਾਹਕ ਦਾ ਇੰਤਜ਼ਾਰ ਕਰ ਰਹੀਆਂ ਹਨ ਜਿਨ੍ਹਾਂ ਗੱਡੀਆਂ ਨੂੰ ਕੁਲਵੰਤ ਤੇ ਰਾਮ ਕੁਮਾਰ ਚਲਾ ਰਹੇ ਹਨ ਤੇ ਇਨ੍ਹਾਂ ਨਾਲ ਇੱਕ ਹੋਰ ਵਿਅਕਤੀ ਹੈ ਜੋ ਨਕਲੀ ਟੈਂਕੀਆਂ ਤਿਆਰ ਕਰਨ ਵਾਲੀ ਕੰਪਨੀ 'ਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ ਤੇ ਇਹ ਨਕਲੀ ਟੈਂਕੀਆਂ ਅਨੰਤ ਇੰਡਸਟਰੀਜ਼ ਪਲਾਟ ਹੁੰਦਲ ਚੌਕ ਕਾਕਾ ਪਿੰਡ ਰੋਡ ਨੇੜੇ ਬੁੱਢਾ ਦਰਿਆ ਲੁਧਿਆਣਾ ਵਿਖੇ ਤਿਆਰ ਹੋਈਆਂ ਹਨ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਰਾਮ ਕੁਮਾਰ, ਗੌਰਵ, ਮਯੰਕ ਝਾਅ ਪੁੱਤਰ ਦਲੀਪ ਕੁਮਾਰ ਵਾਸੀ ਸ਼ੰਕਰ ਕਾਲੋਨੀ ਭਾਮੀਆ ਰੋਡ ਮੁੰਡੀਆਕਲਾ ਜਮਾਲਪੁਰ ਲੁਧਿਆਣਾ ਤੇ ਕੁਲਵੰਤ ਸਿੰਘ ਪੁੱਤਰ ਗੁਰਦੀਪ ਵਾਸੀ ਭਾਮੀਆ ਜਮਾਲਪੁਰ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰਕੇ ਰਾਮ ਤੇ ਗੌਰਵ ਨੂੰ ਗਿ੍ਫ਼ਤਾਰ ਕਰ ਲਿਆ ਹੈ |