ਬੇਗੋਵਾਲ, 1 ਫਰਵਰੀ (ਸੁਖਜਿੰਦਰ ਸਿੰਘ)- ਇੱਥੋਂ ਨੇੜਲੇ ਪਿੰਡ ਨਡਾਲੀ ਦਾ ਜੰਮਪਲ ਲਖਵੀਰ ਨਡਾਲੀ ਸਾਹਿਤਕ ਖੇਤਰ ਵਿਚ ਇਕ ਜਾਣਿਆ ਪਹਿਚਾਣਿਆ ਨਾਮ ਹੈ | ਉਸ ਦੀ ਲੇਖਣੀ ਇਕ ਵੱਖਰੀ ਵਿਧਾ ਹੈ ਤੇ ਕੁਦਰਤ ਦੇ ਰੰਗਾਂ ਨਾਲ ਖ਼ਾਸ ਲਗਾਓ ਹੈ | ਕੁਦਰਤ ਦੇ ਰੰਗਾਂ ਨਾਲ ਲਬਰੇਜ਼ ਉਸਦੀਆਂ ਕਵਿਤਾਵਾਂ ਭਾਵੇਂ ਛੋਟੀਆਂ ਹੁੰਦੀਆਂ ਹਨ ਪਰ ਫਿਰ ਵੀ ਸਮਾਜ 'ਤੇ ਚੰਗਾ ਪ੍ਰਭਾਵ ਛੱਡਦੀਆਂ ਹਨ | ਹੁਣ ਤੱਕ ਕਈ ਅਖ਼ਬਾਰਾਂ, ਮੈਗਜ਼ੀਨਾਂ ਵਿਚ ਉਸ ਦੀਆਂ ਰਚਨਾਵਾਂ ਛਪ ਚੁੱਕੀਆਂ ਹਨ | ਕਈ ਸਟੇਜੀ ਸਨਮਾਨ ਹਾਸਲ ਕੀਤੇ ਹਨ | ਸਾਹਿਤ ਨੂੰ ਆਪਣੀ ਰੂਹ ਦੀ ਖ਼ੁਰਾਕ ਮੰਨਦਾ ਲਖਵੀਰ ਅਕਸਰ ਕੁਦਰਤ ਦੇ ਸਹੱਪਣ, ਵਾਤਾਵਰਣ, ਸਮਾਜਿਕ ਬੁਰਾਈਆਂ ਖਿਲਾਫ਼ ਲਿਖਣ ਦੀ ਤਮੰਨਾ ਰੱਖਦਾ ਹੈ | ਕਦੇ-ਕਦੇ ਰਾਜਨੀਤਕਾਂ 'ਤੇ ਮੱਠੀ-ਮੱਠੀ ਚੋਟ ਕਰਦਾ ਉਨ੍ਹਾਂ ਦੀ ਰੂਹ ਨੂੰ ਲਗਾਉਣ ਦਾ ਯਤਨ ਕਰਦਾ ਹੈ | ਇਸ ਵੇਲੇ ਬਿਜਲੀ ਬੋਰਡ ਬੇਗੋਵਾਲ ਵਿਚ ਬਤੌਰ ਮੁਲਾਜ਼ਮ ਆਪਣੇ ਕੰਮ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਕਰਦਾ ਹੈ | ਆਪਣੇ ਕਾਵਿ ਸੰਗ੍ਰਹਿ ਨੂੰ ਇਕੱਠਾ ਕਰਕੇ ਜਲਦੀ ਹੀ ਇਕ ਕਿਤਾਬ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਵੇਗਾ | ਇਕ ਮੁਲਾਕਾਤ ਵਿਚ ਉਸ ਨੇ ਲੇਖਕਾਂ ਨੂੰ ਚੰਗਾ ਲਿਖਣ ਤੇ ਲੋਕਾਂ ਨੂੰ ਚੰਗਾ ਸਾਹਿਤ ਪੜ੍ਹਨ, ਚੰਗੇ ਗੀਤ ਸੁਣਨ ਦੀ ਸਲਾਹ ਦਿੱਤੀ, ਪ੍ਰਮਾਤਮਾ ਕਰੇ ਲਖਵੀਰ ਨਡਾਲੀ ਹੋਰ ਚੰਗਾ ਲਿਖੇ ਤਾਂ ਕਿ ਸਮਾਜ ਵਿਚ ਪੈਦਾ ਹੋਈਆਂ ਦਾਜ, ਭਰੂਣ ਹੱਤਿਆ, ਨਸ਼ੇ ਤੇ ਹੋਰ ਬੁਰਾਈਆਂ ਦਾ ਅੰਤ ਹੋ ਸਕੇ |