ਸੁਲਤਾਨਪੁਰ ਲੋਧੀ, 2 ਫਰਵਰੀ (ਥਿੰਦ)- ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿਚ ਮੈਂਬਰ ਪਾਰਲੀਮੈਂਟ ਤੇ ਵਿਧਾਇਕਾਂ ਦੇ ਘਿਰਾਓ ਕਰਨ ਤੇ ਉਨ੍ਹਾਂ ਸਵਾਲ ਪੁੱਛਣ ਉਲੀਕੇ ਗਏ ਪ੍ਰੋਗਰਾਮ ਤਹਿਤ 5 ਫਰਵਰੀ ਨੂੰ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਘਿਰਾਓ ਕੀਤਾ ਜਾਵੇਗਾ ਤੇ ਉਨ੍ਹਾਂ ਤੋਂ ਕਿਸਾਨੀ ਮੰਗਾਂ ਦੇ ਹੱਲ ਲਈ ਸਵਾਲ ਪੁੱਛੇ ਜਾਣਗੇ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਤੇ ਜ਼ਿਲ੍ਹਾ ਸੰਗਠਿਤ ਸਕੱਤਰ ਸ਼ੇਰ ਸਿੰਘ ਦੀ ਅਗਵਾਈ ਹੇਠ ਹੋਈ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ 'ਤੇ 5 ਫਰਵਰੀ ਨੂੰ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੂੰ ਸੁਆਲ ਪੁੱਛੇ ਜਾਣਗੇ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੀਟਿੰਗਾਂ ਦਾ ਸਮਾਂ ਦੇ ਕੇ ਸਵਾਲਾਂ-ਜਵਾਬਾਂ ਤੋਂ ਭੱਜ ਜਾਂਦੀ ਹੈ | ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਬਿਜਲੀ ਸੋਧ ਬਿਲ, ਬੀਜ ਐਕਟ ਰੱਦ ਕਰੇ ਤੇ ਕਰ ਮੁਕਤ ਸਮਝੌਤੇ ਦਾ ਵਿਰੋਧ ਕਰੇ | ਮੰਡ ਖੇਤਰ 'ਚ ਹੋਏ ਖ਼ਰਾਬੇ ਦਾ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਵੇ ਤੇ ਮਨਰੇਗਾ ਨੂੰ ਮੁੜ ਤੋਂ ਬਹਾਲ ਕਰਵਾਇਆ ਜਾਵੇ | ਆਗੂਆਂ ਨੇ ਕਿਹਾ ਕਿ ਕੱਲ੍ਹ ਪੇਸ਼ ਕੀਤੇ ਗਏ ਕੇਂਦਰੀ ਬਜਟ 'ਚ ਖੇਤੀਬਾੜੀ ਸੈਕਟਰ ਨੂੰ ਬਿਲਕੁਲ ਹੀ ਨਕਾਰ ਦਿੱਤਾ ਗਿਆ ਹੈ, ਜੋ ਦੇਸ਼ ਦੀ ਕਿਸਾਨੀ ਲਈ ਘਾਤਕ ਸਾਬਿਤ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਨਿਆਂ ਨੂੰ ਲਾਭ ਦੇਣ ਦੀ ਖਾਤਿਰ ਦੇਸ਼ ਦੀ ਕਿਸਾਨੀ ਨੂੰ ਕੰਗਾਲੀ 'ਤੇ ਪਹੁੰਚਾ ਦਿੱਤਾ ਹੈ | ਇਕੱਤਰ ਹੋਏ ਕਿਸਾਨਾਂ ਨੇ ਕੇਂਦਰੀ ਬਜਟ ਵਿਚ ਕਿਸਾਨੀ ਲਈ ਕੋਈ ਵੀ ਪੈਕੇਜ ਨਾ ਐਲਾਨੇ ਜਾਣ 'ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਨਿਸ਼ਾਨ ਸਿੰਘ, ਭਜਨ ਸਿੰਘ ਖਿਜਰਪੁਰ, ਸਲਵਿੰਦਰ ਸਿੰਘ ਮੁਹੰਮਦਾਬਾਦ, ਸੁਖਵੰਤ ਸਿੰਘ ਤੁੜ, ਹਰਦੀਪ ਸਿੰਘ ਬਾਊਪੁਰ, ਮੇਜਰ ਸਿੰਘ, ਤਰਸੇਮ ਸਿੰਘ ਤਲਵੰਡੀ ਚੌਧਰੀਆ, ਬੀਬੀ ਬੀਰ ਕੌਰ, ਬਲਵਿੰਦਰ ਕੌਰ ਸਰਬਜੀਤ ਕੌਰ, ਮਿੰਦਰ ਕੌਰ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਜ਼ਿਲ੍ਹਾ ਪੈੱ੍ਰਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ ਆਦਿ ਹਾਜ਼ਰ ਸਨ |