ਫਗਵਾੜਾ, 2 ਫਰਵਰੀ (ਹਰਜੋਤ ਸਿੰਘ ਚਾਨਾ)- ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਬਜਟ ਨੂੰ ਸਮੁੱਚੇ ਵਿਕਾਸ ਲਈ ਲਾਭਦਾਇਕ ਦੱਸਿਆ | ਅੱਜ ਇੱਥੇ ਕੀਤੀ ਕਾਨਫ਼ਰੰਸ ਮੌਕੇ ਬੋਲਦਿਆਂ ਖੰਨਾ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਸਾਲ ਦੇ ਆਮ ਬਜਟ ਵਿਚ ਖੇਤੀਬਾੜੀ, ਸਿੱਖਿਆ, ਸੈਰ-ਸਪਾਟਾ ਤੇ ਸਿਹਤ ਸਹੂਲਤਾਂ ਦੇ ਵਿਸਥਾਰ 'ਤੇ ਜ਼ੋਰ ਦਿੱਤਾ ਗਿਆ ਹੈ | ਨੌਜਵਾਨਾਂ, ਔਰਤਾਂ, ਗ਼ਰੀਬਾਂ, ਕਿਸਾਨਾਂ ਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ | ਇਹ ਬਜਟ ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਨਾਅਰੇ 'ਤੇ ਆਧਾਰਿਤ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਾ ਹੈ, ਰੁਜ਼ਗਾਰ ਪ੍ਰਦਾਨ ਕਰਦਾ ਹੈ ਤੇ ਇਕ ਵਿਕਸਿਤ ਭਾਰਤ ਦੀ ਨੀਂਹ ਰੱਖਦਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਰੱਖਿਆ ਖੇਤਰ, ਕਿਸਾਨਾਂ ਦੀ ਆਮਦਨ, ਮਹੱਤਵਪੂਰਨ ਖਣਿਜ, ਡੇਟਾ ਸੈਂਟਰ, ਬੁਨਿਆਦੀ ਢਾਂਚਾ, ਰੁਜ਼ਗਾਰ ਤੇ ਆਰਥਿਕਤਾ ਤੇ ਕੇਂਦਰਿਤ ਹੈ | ਇਹ ਬਜਟ ਮੱਧ ਵਰਗ, ਉਦਯੋਗ, ਸਟਾਰਟਅੱਪਸ ਤੇ ਨਿਵੇਸ਼ਕਾਂ ਲਈ ਬਹੁਤ ਕੁੱਝ ਪੇਸ਼ ਕਰਦਾ ਹੈ | ਬਜਟ ਨੂੰ ਮੁੱਖ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕੇਂਦਰੀ ਬਜਟ 2026-27 ਇਕ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਰੱਖਦਾ ਹੈ | ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਬਜਟ ਸਮਾਜ ਦੇ ਹਰ ਵਰਗ ਲਈ ਸੰਤੁਲਿਤ ਦੇਖਭਾਲ ਪ੍ਰਦਾਨ ਕਰਦਾ ਹੈ ਜਿਸ ਵਿਚ ਨੌਜਵਾਨ, ਕਿਸਾਨ, ਮਾਲੀ, ਔਰਤਾਂ, ਵਪਾਰੀ, ਕਰਮਚਾਰੀ ਤੇ ਮੱਧ ਵਰਗ ਸ਼ਾਮਲ ਹਨ | ਇਸ ਮੌਕੇ ਰਾਜੀਵ ਪਾਹਵਾ, ਅਰੁਣ ਖੋਸਲਾ, ਤੇਜਸਵੀ ਭਾਰਦਵਾਜ, ਪਰਮਜੀਤ ਸਿੰਘ ਪੰਮਾ, ਸਾਹਿਲ ਚੋਪੜਾ, ਵਿਨਾਇਕ ਆਦਿ ਹਾਜ਼ਰ ਸਨ |