ਤਲਵੰਡੀ ਚੌਧਰੀਆਂ, 4 ਫਰਵਰੀ (ਪਰਸਨ ਲਾਲ ਭੋਲਾ)- ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਤੇ ਮੁਲਾਜ਼ਮ ਵਿੰਗ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਇੰਜ. ਹਰਜਿੰਦਰ ਸਿੰਘ ਕੋਹਲੀ ਵੱਲੋਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਬਾਰੇ ਪਿੰਡ ਸ਼ਾਲਾਪੁਰ ਬੇਟ ਵਿਖੇ ਵਿਚਾਰ ਦਿੰਦਿਆਂ ਦੱਸਿਆ ਕਿ ਲੱਗਦਾ ਮੁਲਾਜ਼ਮ ਵਰਗ ਹੁਣ ਸਰਕਾਰਾਂ ਲਈ ਕੋਈ ਮਾਇਨੇ ਨਹੀਂ ਰੱਖਦਾ | ਬਜਟ ਵਿਚ ਪੈਨਸ਼ਨਰਾਂ ਬਜ਼ੁਰਗ ਮੁਲਾਜ਼ਮਾਂ ਲਈ ਕੁੱਝ ਵੀ ਨਾ ਦੇ ਕੇ ਸਗੋਂ ਟੇਢੇ ਢੰਗ ਨਾਲ ਇਨਕਮ ਟੈਕਸ ਲਿਮਟ ਘਟਾਈ ਗਈ ਹੈ ਕਿਉਂਕਿ ਡੀ.ਏ. 'ਤੇ ਸਾਲਾਨਾ ਤਰੱਕੀ ਮੁਤਾਬਿਕ ਵੀ ਇਨਕਮ ਟੈਕਸ 'ਚ ਬਣਦੀ ਛੋਟ ਨਹੀਂ ਦਿੱਤੀ ਗਈ ਜੋ ਮੁਲਾਜ਼ਮ ਵਰਗ ਨਾਲ ਧੱਕਾ ਹੈ | ਲੱਗਦਾ ਬਜਟ-2029 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ | 2027 'ਚ ਵੀ ਕੁੱਝ ਨਾ ਦੇ ਕੇ 2028 'ਚ ਕੁੱਝ ਲੌਲੀਪਾਪ, 2029 ਚੋਣਾਂ 'ਚ ਮੁਲਾਜ਼ਮਾਂ ਨੂੰ ਭਰਮਾਉਣ ਲਈ ਦਿੱਤੇ ਜਾਣਗੇ | ਇੰਜ. ਹਰਜਿੰਦਰ ਸਿੰਘ ਕੋਹਲੀ ਵਲੋਂ ਬਜਟ ਨੂੰ ਗਰੀਬ, ਮੁਲਾਜ਼ਮ, ਕਿਸਾਨ, ਐਜੂਕੇਸ਼ਨ ਵਿਰੋਧੀ ਤੇ ਸਰਮਾਏਦਾਰਾਂ ਪੱਖੀ ਦੱਸਦਿਆਂ ਨਿਰਾਸ਼ਾਜਨਕ ਬਜਟ ਕਿਹਾ ਗਿਆ ਜਿਸ ਨਾਲ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਰਹੇਗੀ |