ਸੁਲਤਾਨਪੁਰ ਲੋਧੀ, 6 ਫਰਵਰੀ (ਥਿੰਦ)-ਬੱਚਿਆਂ ਨੂੰ ਧਾਰਮਿਕ ਸਾਹਿਤ ਨਾਲ ਜੋੜਨ ਲਈ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਵਿਚ ਦਵਿੰਦਰ ਕੌਰ ਖ਼ਾਲਸਾ ਦੀ ਅਗਵਾਈ ਹੇਠ ਸਕੂਲ ਦੇ 35 ਵਿਦਿਆਰਥੀਆਂ ਨੇ ਉੱਚ ਸਥਾਨ ਪ੍ਰਾਪਤ ਕਰ ਕੇ ਆਪਣੇ ਸਕੂਲ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ | ਆਪਣੀ ਰੋਜ਼ਾਨਾ ਦੀ ਪੜ੍ਹਾਈ ਦੇ ਨਾਲ ਹੀ ਧਾਰਮਿਕ ਪ੍ਰੀਖਿਆ ਲਈ ਸਮਾਂ ਕੱਢ ਕੇ ਤੀਸਰੀ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਪੇਪਰ ਵਿਚ ਹਾਜ਼ਰ ਹੋਏ ਜਿਨ੍ਹਾਂ ਵਿਚੋਂ ਪਹਿਲੇ ਗਰੁੱਪ ਵਿਚੋਂ ਜਸਮੀਤ ਕੌਰ ਚੌਥੀ ਜਮਾਤ ਤੇ ਤੀਸਰੇ ਗਰੁੱਪ ਵਿਚੋਂ ਸ਼ਹਿਬਾਜ ਸਿੰਘ ਬਾਰ੍ਹਵੀਂ ਜਮਾਤ ਮੈਰਿਟ ਵਿਚ ਰਹੇ, ਬਾਕੀ ਵਿਦਿਆਰਥੀਆਂ ਨੇ ਪ੍ਰੀਖਿਆ ਵਿਚੋਂ ਏ, ਬੀ ਤੇ ਸੀ ਗ੍ਰੇਡ ਵਿਚ ਪਾਸ ਹੋ ਕੇ ਸਕੂਲ ਦਾ ਮਾਣ ਵਧਾਇਆ | ਸਕੂਲ ਚੇਅਰਮੈਨ ਸਵਰਨ ਸਿੰਘ ਖ਼ਾਲਸਾ ਤੇ ਰਾਜਵਿੰਦਰ ਕੌਰ ਡਾਇਰੈਕਟਰ ਐਜੂਕੇਸ਼ਨ ਸੀ.ਆਈ.ਐਸ. ਨੇ ਵਿਦਿਆਰਥੀਆਂ ਤੇ ਵਿਸ਼ਾ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਇਤਿਹਾਸ ਪੜ੍ਹਨ ਵਾਲੇ ਤੇ ਪਹਿਲੇ, ਦੂਜੇ ਤੇ ਤੀਜੇ ਦਰਜੇ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਕੂਲ ਪਿ੍ੰਸੀਪਲ ਅਮਨਦੀਪ ਸਿੰਘ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕੀਤੀ | ਇਸ ਮੌਕੇ ਰਜਵੰਤ ਕੌਰ ਡਾਇਰੈਕਟਰ ਐਜੂਕੇਸ਼ਨ ਤੇ ਧਾਰਮਿਕ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਰਵਿੰਦਰ ਕੌਰ, ਹਰਜੋਤ ਕੌਰ, ਅਮਰਜੀਤ ਕੌਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ |