ਕਪੂਰਥਲਾ, 24 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਰਾਸ਼ਟਰਵਾਦ ਦੀ ਵਿਚਾਰ ਧਾਰਾ 'ਤੇ ਆਧਾਰਿਤ ਇਕ ਮਜ਼ਬੂਤ ਸੰਗਠਨ ਹੈ, ਜਿਸ ਦੀ ਅਸਲ ਤਾਕਤ ਇਸ ਦੇ ਸਿਖਲਾਈ ਪ੍ਰਾਪਤ ਤੇ ਅਨੁਸ਼ਾਸਤ ਵਰਕਰਾਂ ਵਿਚ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੀਨੂੰ ਸੇਠੀ ਸੂਬਾਈ ਸਕੱਤਰ ਭਾਜਪਾ ਨੇ ਅੱਜ ਭਾਜਪਾ ਵਲੋਂ ਸ਼ੁਰੂ ਕੀਤੇ ਗਏ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ 2026 ਤਹਿਤ ਸਥਾਨਕ ਮੰਦਿਰ ਧਰਮ ਸਭਾ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਇਕ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਚੋਣ ਰਾਜਨੀਤਾ ਦਾ ਸਾਧਨ ਨਹੀਂ, ਸਗੋਂ ਰਾਸ਼ਟਰ ਨਿਰਮਾਣ ਲਈ ਇਕ ਵਿਆਪਕ ਲਹਿਰ ਹੈ ਤੇ ਪਾਰਟੀ ਦੀ ਪਹਿਚਾਣ ਇਸ ਦੇ ਸਿਧਾਂਤਾਂ, ਅਨੂਸਾਸ਼ਨ ਅਤੇ ਸਮਰਪਿਤ ਕੇਡਰ ਤੋਂ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਸੰਗਠਨ ਦੀ ਲੰਮੇ ਸਮੇਂ ਦੀ ਰਣਨੀਤੀ ਦਾ ਇਕ ਮਹੱਤਵਪੂਰਨ ਹਿੱਸਾ ਹੈ ਤੇ ਇਸ ਦਾ ਉਦੇਸ਼ ਵਰਕਰਾਂ ਨੂੰ ਵਿਚਾਰਧਾਰਕ ਤੌਰ 'ਤੇ ਪਰਪੱਕ, ਸੰਗਠਨਾਤਮਕ ਤੌਰ 'ਤੇ ਸਮਰੱਥ ਤੇ ਸਮਾਜਿਕ ਤੌਰ 'ਤੇ ਸਰਗਰਮ ਵਿਕਸਿਤ ਕਰਨਾ ਹੈ | ਭਾਜਪਾ ਦੀ ਸੂਬਾਈ ਆਗੂ ਨੇ ਕਿਹਾ ਕਿ ਵਰਕਰਾਂ ਦਾ ਮਨੋਬਲ ਜਿੰਨਾ ਉੱਚਾ ਹੋਵੇਗਾ, ਸੰਗਠਨ ਉਨਾ ਹੀ ਮਜ਼ਬੂਤ ਹੋਵੇਗਾ | ਉਨ੍ਹਾਂ ਮੰਡਲ ਤੇ ਬੂਥ ਪੱਧਰ 'ਤੇ ਸਰਗਰਮੀ ਵਧਾਉਣ, ਸਮਾਜ ਸੇਵਾ ਗਤੀਵਿਧੀਆਂ ਵਿਚ ਭਾਗੀਦਾਰੀ ਨੂੰ ਯਕੀਨੀ ਬਣਾਉਣ ਤੇ ਸਮਾਜ ਦੇ ਹਰੇਕ ਵਰਗ ਤੱਕ ਸੰਗਠਨ ਦੀ ਪਹੁੰਚ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਸਿਖਲਾਈ ਮਹਾਂ ਅਭਿਆਨ ਤਹਿਤ ਪਾਰਟੀ ਵਲੋਂ ਵੱਡੀ ਗਿਣਤੀ ਵਿਚ ਸਿਖਲਾਈ ਕੈਂਪ ਲਗਾਏ ਜਾਣਗੇ ਤੇ ਇਸੇ ਤਹਿਤ ਹੀ ਮੰਡਲ ਪੱਧਰ 'ਤੇ ਸਿਖਲਾਈ ਕੈਂਪ 24 ਘੰਟੇ ਚੱਲਣਗੇ | ਇਸ ਮੌਕੇ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਭਾਜਪਾ ਦੇ ਨਵੇਂ ਵਰਕਰਾਂ ਨੂੰ ਪਾਰਟੀ ਦੇ ਦਰਸ਼ਨ, ਵਿਚਾਰ ਧਾਰਾ ਤੇ ਸੰਗਠਨਾਤਮਕ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਟੀਚਾ ਸਿਰਫ਼ ਸਰਕਾਰ ਬਣਾਉਣਾ ਨਹੀਂ, ਸਗੋਂ ਆਪਣੇ ਆਦਰਸ਼ਾਂ 'ਤੇ ਖਰੇ ਉਤਰਨਾ ਹੈ | ਉਨ੍ਹਾਂ ਕਿਹਾ ਕਿ ਸਮਾਜਿਕ ਤਬਦੀਲੀ ਕੇਵਲ ਸਮਰਪਿਤ ਵਰਕਰਾਂ ਰਾਹੀਂ ਹੀ ਸੰਭਵ ਹੈ ਤੇ ਸਮੇਂ ਸਮੇਂ 'ਤੇ ਉਨ੍ਹਾਂ ਨੂੰ ਸਿਖਲਾਈ ਦੇਣਾ ਸੰਗਠਨ ਦੀ ਕਾਰਜਸ਼ਾਲੀ ਦਾ ਇਕ ਜ਼ਰੂਰੀ ਹਿੱਸਾ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਬੂਥ ਪੱਧਰੀ ਲਾਮਬੰਦੀ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਨ ਲਈ ਵਰਕਰਾਂ ਨੂੰ ਤਿਆਰ ਕਰਨ 'ਤੇ ਕੇਂਦਰਿਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਕ ਰਣਨੀਤਿਕ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ | ਮੀਟਿੰਗ ਵਿਚ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਯੱਗਦਤ ਐਰੀ ਨੇ ਕਿਹਾ ਕਿ ਸਮਾਜਿਕ ਸਦਭਾਵਨਾ, ਪਰਿਵਾਰਕ ਗਿਆਨ, ਵਾਤਾਵਰਣ ਸੁਰੱਖਿਆ, ਸਵਦੇਸ਼ੀ ਤੇ ਨਾਗਰਿਕ ਡਿਊਟੀ ਦੇ ਪੰਜ ਮੁੱਲਾਂ ਰਾਹੀਂ ਸਮਾਜ ਵਿਚ ਸਕਾਰਾਤਮਕ ਤਬਦੀਲੀ ਸੰਭਵ ਹੈ | ਉਨ੍ਹਾਂ ਕਿਹਾ ਕਿ ਭਾਜਪਾ ਅੱਜ ਜਿਸ ਵਿਚਾਰ ਧਾਰਾ ਤੇ ਕਦਰਾਂ ਕੀਮਤਾਂ ਦੀ ਪਾਲਣਾ ਕਰਦੀ ਹੈ, ਉਹ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਵਿਚਾਰਾਂ ਦੀਆਂ ਜੜ੍ਹਾਂ ਹਨ | ਕੈਂਪ ਨੂੰ ਭਾਜਪਾ ਦੇ ਆਈ.ਟੀ. ਸੈੱਲ ਦੇ ਸੂਬਾਈ ਆਗੂ ਵਿੱਕੀ ਗੁਜਰਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਅਨੁਰਾਗ ਸ਼ਰਮਾ, ਕਪੂਰ ਚੰਦ ਥਾਪਰ, ਮੋਗਾ ਰੈਲੀ ਦੇ ਇੰਚਾਰਜ ਅਨਿਲ ਸੱਚਰ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਪਵਨ ਧੀਰ, ਗੋਰਾ ਗਿੱਲ, ਰਮੇਸ਼ ਸ਼ਰਮਾ, ਈਸ਼ਾ ਮਹਾਜਨ, ਮਹਿੰਦਰ ਸਿੰਘ ਬਲੇਰ, ਲੱਕੀ ਸਰਪੰਚ, ਕਮਲ ਪ੍ਰਭਾਕਰ, ਬਲਵੰਤ ਸਿੰਘ ਬੂਟਾ, ਤੀਰਥ ਨੰਬਰਦਾਰ, ਅਸ਼ਵਨੀ ਤੁਲੀ, ਸਰਬਜੀਤ ਸਿੰਘ ਅਰੋੜਾ, ਸੁਨਹਿਰੀ ਸਿੰਘ, ਸੁਨਾਮ ਸਿੰਘ ਅਰੋਲੀਆ, ਡਾ. ਰਿੱਤੂ ਕੁਮਰਾ, ਨਿਰਮਲ ਖਿੰਡਾ, ਸੁਨੀਲ ਸ਼ਰਮਾ, ਸਾਹਿਲ ਵਾਲੀਆ, ਰਾਜਨ ਠਿੱਗੀ, ਸਰਬਜੀਤ ਬੰਟੀ, ਅਸ਼ੀਸ਼ ਮਹਿਤਾ, ਜਸ਼ਨ, ਕੁਲਦੀਪ ਕੋਟ, ਡਾ. ਪ੍ਰਦੀਪ ਕੌਸ਼ਲ, ਹੀਰਕ ਜੋਸ਼ੀ, ਸੋਨੂੰ ਔਜਲਾ, ਹਰਵਿੰਦਰ ਸਾਬੀ, ਹਨੀ ਮਹਿਰਾ, ਨਰੇਸ਼ ਸ਼ਰਮਾ, ਬੋਹੜ ਸ਼ਰਮਾ, ਅਮਰਨਾਥ ਸੇਠੀ, ਬੋਹੜ ਰਾਮ, ਇੰਦਰਜੀਤ ਭੇਟਾਂ, ਸੰਨੀ ਸ਼ਰਮਾ, ਸੰਦੀਪ ਮਾਨਸ, ਸੁਸ਼ੀਲ ਆਦਿ ਹਾਜ਼ਰ ਸਨ |