ਕਪੂਰਥਲਾ, 24 ਫਰਵਰੀ (ਅਮਨਜੋਤ ਸਿੰਘ ਵਾਲੀਆ)-ਸਥਾਨਕ ਗਰੋਵਰ ਇਨਕਲੇਵ ਵਿਚ ਇਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੁਣਜੋਤ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਚਿਨ ਰਬੜ ਫ਼ੈਕਟਰੀ ਵਿਚ ਸਕਿਊਰਿਟੀ ਗਾਰਡ ਵਜੋਂ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਜਦੋਂ ਮੈਂ ਉਸ ਨੂੰ ਕੰਮ 'ਤੇ ਜਾਣ ਲਈ ਉਠਾਉਣ ਗਿਆ ਤਾਂ ਉਸ ਨੇ ਕਮਰਾ ਨਹੀਂ ਖੋਲਿ੍ਹਆ, ਜਦੋਂ ਅਸੀਂ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਉਸ ਦਾ ਭਰਾ ਖ਼ੂਨ ਨਾਲ ਲੱਥਪੱਥ ਫ਼ਰਸ਼ 'ਤੇ ਡਿੱਗਾ ਹੋਇਆ ਸੀ ਅਤੇ ਉਸ ਦੇ ਨੇੜੇ ਪਿਸਤੌਲ ਪਿਆ ਹੋਇਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਥਾਣਾ ਸਿਟੀ ਨੂੰ ਸੂਚਿਤ ਕੀਤਾ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਖੇ ਰਖਵਾ ਦਿੱਤੀ ਹੈ | ਡੀ.ਅੱੈਸ.ਪੀ. ਦਲਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਨੇ ਆਪਣੇ ਮੱਥੇ ਵਿਚ ਗੈਰ-ਕਾਨੂੰਨੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ | ਮਿ੍ਤਕ ਦੀ ਪਹਿਚਾਣ ਸਚਿਨ (28 ਸਾਲ) ਪੁੱਤਰ ਗੁਰਮੀਤ ਸਿੰਘ ਹਾਲ ਵਾਸੀ ਗਰੋਵਰ ਇਨਕਲੇਵ ਨਜ਼ਦੀਕ ਨਿਊ ਕੋਰਟ ਕੰਪਲੈਕਸ ਮੂਲ ਵਾਸੀ ਬੱਦੂਵਾਲ ਪਿੰਡ ਵਜੋਂ ਹੋਈ ਹੈ | ਡੀ.ਐੱਸ.ਪੀ. ਦਲਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਜਾਂਚ ਲਈ ਉਕਤ ਨੌਜਵਾਨ ਦਾ ਮੋਬਾਈਲ ਫ਼ੋਨ ਅਤੇ ਪਿਸਤੌਲ (315 ਬੋਰ) ਪੁਲਿਸ ਨੇ ਜ਼ਬਤ ਕਰ ਲਿਆ ਹੈ |