ਸੁਲਤਾਨਪੁਰ ਲੋਧੀ, 6 ਮਾਰਚ (ਨਰੇਸ਼ ਹੈਪੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ ਤੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਸਮਾਰਟ ਸਿਟੀ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਨਗਰ ਕੌਂਸਲ ਪ੍ਰਬੰਧਕ ਕਮੇਟੀ ਦੀ ਸੁਣਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਾਨੂੰ ਚੱਲ ਰਹੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਸੰਬੰਧੀ ਮੀਟਿੰਗਾਂ ਵਿਚ ਹੀ ਨਹੀਂ ਬੁਲਾਇਆ ਜਾਂਦਾ ਜਿਸ ਕਾਰਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸ਼ਹਿਰ ਦੇ ਕੌਂਸਲਰਾਂ ਨੂੰ ਉਨ੍ਹਾਂ ਦੇ ਵਾਰਡਾਂ ਦੀਆਂ ਸਮੱਸਿਆਵਾਂ ਦੱਸਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਬੀਤੇ ਕੱਲ੍ਹ ਜਿਹੜੀ ਪ੍ਰਸ਼ਾਸਨ ਦੀ ਮੀਟਿੰਗ ਹੋਈ ਹੈ, ਉਸ 'ਚ ਡੀ. ਸੀ. ਤੇ ਇਥੋਂ ਦੇ ਸਾਰੇ ਅਫ਼ਸਰ ਵੀ ਹਾਜ਼ਰ ਸਨ ਪਰ ਸਾਨੂੰ ਤਾਂ ਉਸ ਮੀਟਿੰਗ ਲਈ ਵੀ ਨਹੀਂ ਬੁਲਾਇਆ ਗਿਆ | ਉਨ੍ਹਾਂ ਕਿਹਾ ਮੈਂ ਅੱਗੇ ਵੀ ਕਈ ਵਾਰੀ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਹੈ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਤੋਂ ਲੈ ਕੇ ਵਾਇਆ ਚੇਲਿਆਂ ਵਾਲਾ ਚੌਕ, ਸਿੰਘ ਭਵਾਨੀ ਮੰਦਰ ਤੱਕ ਸਟੋਰਮ ਵਾਟਰ ਦੇ ਸੀਵਰੇਜ ਦੀ ਪਾਈਪ ਲਾਈਨ ਹਾਲੇ ਤੱਕ ਨਹੀਂ ਪਾਈ ਗਈ ਜਿਹੜੀ ਕਿ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਾਰੇ ਸਦਰ ਬਾਜ਼ਾਰ ਦਾ ਬਰਸਾਤੀ ਪਾਣੀ ਚੇਲਿਆਂ ਵਾਲਾ ਚੌਕ 'ਚ ਆ ਕੇ ਇਕੱਠਾ ਹੁੰਦਾ ਹੈ ਜਿਸ ਨੂੰ ਰਿਲੀਜ਼ ਕਰਨ ਲਈ ਸਟੋਰਮ ਵਾਟਰ ਦਾ ਸਾਡਾ ਵੱਡਾ ਪ੍ਰਾਜੈਕਟ ਚੱਲਦਾ ਹੋਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਸੀਵਰੇਜ ਵਿਭਾਗ ਨੇ ਸਟੋਰਮ ਵਾਟਰ ਦੇ ਸ਼ਹਿਰ ਦੇ ਮੇਨ ਪੁਆਇੰਟ ਅਧੂਰੇ ਛੱਡ ਦਿੱਤੇ ਗਏ ਹਨ ਜਿਸ ਦੇ ਵੱਲ ਧਿਆਨ ਹੀ ਨਾ ਦਿੱਤਾ ਗਿਆ ਜਿਸ ਕਾਰਨ ਸਾਨੂੰ ਅੱਜ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਤੇ ਅਧਿਕਾਰੀਆਂ ਨੂੰ ਦੱਸਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਐਮ. ਸੀ. ਨੂੰ ਆਪੋ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਹੈ ਪਰ ਸਾਨੂੰ ਐਮ. ਸੀ. ਨੂੰ ਕੋਈ ਵੀ ਪੁੱਛ ਹੀ ਨਹੀਂ ਰਿਹਾ | ਪ੍ਰਧਾਨ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਨਵੀਆਂ ਬਣਾਉਣ ਦੇ ਟੈਂਡਰ ਪਾਸ ਹੋ ਗਏ ਹਨ ਅਤੇ ਪੰਜਾਬ ਸਰਕਾਰ ਵਲੋਂ 13 ਕਰੋੜ ਰੁਪਏ ਕਰੀਬ ਆ ਚੁੱਕੇ ਹਨ | ਉਨ੍ਹਾਂ ਮੰਗ ਕੀਤੀ ਕਿ ਕੋਈ ਵੀ ਸੜਕ ਬਣਾਉਣ ਤੋਂ ਪਹਿਲਾਂ ਸੰਬੰਧਿਤ ਵਿਭਾਗ ਨੂੰ ਨਗਰ ਕੌਂਸਲ ਕਮੇਟੀ ਨੂੰ ਭਰੋਸੇ ਵਿਚ ਲੈ ਕੇ ਹੀ ਸ਼ਹਿਰ ਦੇ ਸਟਰੋਮ ਤੇ ਸੀਵਰੇਜ, ਵਾਟਰ ਸਪਲਾਈ ਆਦਿ ਦੇ ਸਾਰੇ ਕੰਮ ਮੁਕੰਮਲ ਹੋਣ ਦਾ ਸਰਟੀਫਿਕੇਟ ਦੇਣਾ ਚਾਹੀਦਾ ਹੈ ਨਹੀਂ ਤਾਂ ਨਵੀਆਂ ਸੜਕਾਂ ਬਣਾਉਣ ਤੋਂ ਬਾਅਦ ਫਿਰ ਕੰਮ ਮੁਕੰਮਲ ਨਾ ਹੋਇਆ ਤਾਂ ਫਿਰ ਸੜਕਾਂ ਪੁੱਟਣ ਦੀ ਨੌਬਤ ਆਵੇਗੀ ਜਿਸ ਨਾਲ ਭਾਰੀ ਨੁਕਸਾਨ ਹੋਵੇਗਾ | ਪੈੱ੍ਰਸ ਕਾਨਫ਼ਰੰਸ 'ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕੌਂਸਲਰ ਪਵਨ ਕਨੌਜੀਆ ਆਦਿ ਵੀ ਹਾਜ਼ਰ ਸਨ |