ਕਪੂਰਥਲਾ, 6 ਮਾਰਚ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਇਨਰਵੀਲ ਕਲੱਬ ਕਪੂਰਥਲਾ ਦੇ ਸਹਿਯੋਗ ਨਾਲ ਥੈਲੇਸੀਮੀਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ, ਜਿਸ 'ਚ ਇਨਰਵੀਲ ਕਲੱਬ ਦੀ ਬੋਰਡ ਆਫ਼ ਡਾਇਰੈਕਟਰ ਡਾ. ਸੁਰਜੀਤ ਕੌਰ ਮੁੱਖ ਰਿਸੋਰਸ ਪਰਸਨ ਵਜੋਂ, ਕਲੱਬ ਦੀ ਪ੍ਰਧਾਨ ਡਾ. ਮੀਨਾ ਸੇਠੀ, ਉਪ ਪ੍ਰਧਾਨ ਰਾਜਿਤਾ ਗੁਪਤਾ ਤੇ ਮੈਂਬਰ ਨਵਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਇਹ ਸੈਮੀਨਾਰ ਕਰਵਾਉਣ ਦਾ ਮੁੱਖ ਮੰਤਵ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਥੈਲੇਸੀਮੀਆਂ ਬਿਮਾਰੀ ਦੇ ਕਾਰਨ, ਲੱਛਣਾਂ ਤੇ ਇਸ ਦੇ ਬਚਾਅ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਹੈ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸੁਰਜੀਤ ਕੌਰ ਨੇ ਕਿਹਾ ਕਿ ਥੈਲੇਸੀਮੀਆ ਇਕ ਵਿਰਾਸਤੀ ਬਿਮਾਰੀ ਹੈ ਜੋ ਸਰੀਰ 'ਚ ਸਿਹਤਮੰਦ ਹੀਮੋਗਲੋਬਿਨ ਬਣਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਅਕਸਰ ਨਿਰੰਤਰ ਖ਼ੂਨ ਚੜ੍ਹਾਉਣ ਦੇ ਨਾਲ-ਨਾਲ ਲਗਾਤਾਰ ਡਾਕਟਰੀ ਦੇਖਭਾਲ ਦੀ ਲੋੜ ਹੁੰਦੀ ਹੈ | ਉਨ੍ਹਾਂ ਵਿਆਹ ਤੋਂ ਪਹਿਲਾਂ ਤੇ ਗਰਭ ਅਵਸਥਾ ਦੌਰਾਨ ਜਾਂਚ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਧਾਰਨ ਖ਼ੂਨ ਦੀ ਜਾਂਚ ਕਰਵਾਕੇ ਇਹ ਪਤਾ ਲਗਾਉਣ ਕਿ ਉਹ ਥੈਲੇਸੀਮੀਆ ਜੀਨ ਤੋਂ ਪ੍ਰਭਾਵਿਤ ਤਾਂ ਨਹੀਂ | ਉਨ੍ਹਾਂ ਥੈਲੇਸੀਮੀਆ ਦੇ ਲੱਛਣ, ਇਲਾਜ ਦੇ ਤਰੀਕਿਆਂ ਤੇ ਖ਼ੂਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸੈਮੀਨਾਰ ਨੂੰ ਡਾ. ਮੀਨਾ ਸੇਠੀ ਨੇ ਸੰਬੋਧਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਲੱਬ ਵਲੋਂ ਇਸ ਤਰ੍ਹਾਂ ਦੇ ਜਾਗਰੂਕ ਸੈਮੀਨਾਰ ਲਗਾਏ ਜਾਣਗੇ | ਉਨ੍ਹਾਂ ਵਿਦਿਆਰਥੀਆਂ ਨੂੰ ਥੈਲੇਸੀਮੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਵੀ ਪ੍ਰੇਰਿਤ ਕੀਤਾ | ਸੈਮੀਨਾਰ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਨੇ ਨਿਭਾਈ | ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਡਾ. ਅਮਰੀਕ ਸਿੰਘ, ਪ੍ਰੋ. ਦਮਨਜੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਪੋ੍ਰ. ਸੰਦੀਪ ਸਿੰਘ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |