ਸੁਲਤਾਨਪੁਰ ਲੋਧੀ, 7 ਮਾਰਚ (ਨਰੇਸ਼ ਹੈਪੀ)-ਬੇਬੇ ਨਾਨਕੀ ਜੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਯੂ. ਕੇ. ਤੇ ਸੁਲਤਾਨਪੁਰ ਲੋਧੀ ਵਲੋਂ ਧੰਨ ਧੰਨ ਬੇਬੇ ਨਾਨਕੀ ਜੀ ਦੇ ਜਨਮ ਉਤਸਵ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ | ਇਹ ਜਾਣਕਾਰੀ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਮੀਤ ਪ੍ਰਧਾਨ ਤੇ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ | ਇਸ ਮੌਕੇ ਬੇਬੇ ਨਾਨਕੀ ਜੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਭਾਈ ਜਤਿੰਦਰਪਾਲ ਸਿੰਘ, ਟਰੱਸਟੀ ਮੈਂਬਰ ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬੇਬੇ ਨਾਨਕੀ ਜੀ ਦੇ ਜਨਮ ਉਤਸਵ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਜਲਦੀ ਹੀ ਸਮੂਹ ਟਰੱਸਟ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਜਾਵੇਗੀ ਤੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਰੂਪ ਰੇਖਾ ਤਿਆਰ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬੇਬੇ ਨਾਨਕੀ ਜੀ ਦਾ ਸਾਲਾਨਾ ਜੋੜ ਮੇਲਾ 1 ਅਪ੍ਰੈਲ ਤੋਂ 4 ਅਪ੍ਰੈਲ ਤੱਕ ਮਨਾਇਆ ਜਾਵੇਗਾ | ਉਨ੍ਹਾਂ ਇਸ ਸਮੇਂ ਗੁਰਦੁਆਰਾ ਬੇਬੇ ਨਾਨਕੀ ਜੀ ਦੀ ਇਮਾਰਤ ਦੀ ਚੱਲ ਰਹੀ ਕਾਰ ਸੇਵਾ ਲਈ ਸੇਵਾ ਭੇਟ ਕਰਨ ਵਾਲੇ ਸਵਰਨ ਸਿੰਘ ਤੇ ਪਰਮਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ | ਇਸ ਮੌਕੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ., ਭਾਈ ਜਤਿੰਦਰਪਾਲ ਸਿੰਘ ਸਕੱਤਰ, ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ, ਜਸਵੰਤ ਸਿੰਘ ਨੰਡਾ ਸੱਧੂਵਾਲ, ਦਿਲਦਾਰ ਸਿੰਘ ਭਾਗੋਰਾਈਆਂ, ਭਾਈ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |