ਸੁਲਤਾਨਪੁਰ ਲੋਧੀ, 9 ਮਾਰਚ (ਨਰੇਸ਼ ਹੈਪੀ)-ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਾਨਕਸ਼ਾਹੀ ਸੰਮਤ 558 ਨਵੇਂ ਸਾਲ ਦੇ ਚੇਤ ਮਹੀਨੇ ਦੀ ਆਮਦ ਦੀ ਖ਼ੁਸ਼ੀ ਵਿਚ ਮਹਾਨ ਕਥਾ, ਕੀਰਤਨ ਦਰਬਾਰ 13 ਮਾਰਚ ਨੂੰ ਰਾਤ 8 ਵਜੇ ਤੋਂ ਸਵਾ 12 ਵਜੇ ਤੱਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦਰਬਾਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਹਜ਼ੂਰੀ ਕਥਾ ਵਾਚਕ ਭਾਈ ਕਰਨਜੀਤ ਸਿੰਘ ਤੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਦੱਸਿਆ ਕਿ ਸਿੱਖ ਪੰਥ ਦੇ ਨਵੇਂ ਸਾਲ ਦਾ ਸਵਾਗਤ ਕਰਨ ਲਈ ਕਰਵਾਏ ਜਾ ਰਹੇ ਰਾਤ ਦੇ ਇਸ ਮਹਾਨ ਕਥਾ, ਕੀਰਤਨ ਦਰਬਾਰ ਦੀ ਆਰੰਭਤਾ ਰਾਤ 8 ਵਜੇ ਹੋਵੇਗੀ ਤੇ ਸਮਾਪਤੀ ਰਾਤ 12 ਵਜੇ ਨਵੇਂ ਸਾਲ ਦੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਫੁੱਲਾਂ ਦੀ ਵਰਖਾ ਕਰਨ ਉਪਰੰਤ ਕੀਤੀ ਜਾਵੇਗੀ | ਇਸ ਮੌਕੇ ਸਰਬੱਤ ਦੇ ਭਲੇ ਦੀ ਸੁੱਖ ਸ਼ਾਂਤੀ ਤੇ ਤਰੱਕੀ ਦੀ ਅਰਦਾਸ ਹੋਵੇਗੀ | ਮੈਨੇਜਰ ਅਵਤਾਰ ਸਿੰਘ ਤੇ ਭਾਈ ਕਰਨਜੀਤ ਸਿੰਘ ਆਹਲੀ ਨੇ ਦੱਸਿਆ ਕਿ ਰਾਤ 8 ਤੋਂ 9 ਵਜੇ ਤੱਕ ਗੁਰਬਾਣੀ ਦੀ ਕਥਾ ਵਿਦਵਾਨ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਵਲੋਂ ਕੀਤੀ ਜਾਵੇਗੀ, ਰਾਤ 9 ਤੋ 9.30 ਵਜੇ ਤੱਕ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਨਗੇ | ਉਪਰੰਤ ਰਾਤ 9.30 ਤੋਂ 10 ਵਜੇ ਤੱਕ ਗੁਰਦੁਆਰਾ ਬੇਰ ਸਾਹਿਬ ਦੇ ਹਜ਼ੂਰੀ ਕਥਾ ਵਾਚਕ ਭਾਈ ਕਰਨਜੀਤ ਸਿੰਘ ਆਹਲੀ ਕਥਾ ਵਿਚਾਰਾਂ ਨਾਲ ਨਿਹਾਲ ਕਰਨਗੇ ਜਦਕਿ ਰਾਤ 10 ਵਜੇ ਤੋਂ 11 ਵਜੇ ਤੱਕ ਵਿਦਵਾਨ ਕਥਾ ਵਾਚਕ ਗਿਆਨੀ ਕੁਲਵੰਤ ਸਿੰਘ ਮੁੱਖ ਸੇਵਾਦਾਰ ਸਾਹਿਬਜ਼ਾਦੇ ਸੇਵਾ ਦਲ ਲੁਧਿਆਣਾ ਵਾਲੇ ਕਥਾ ਕਰਨਗੇ | ਉਨ੍ਹਾਂ ਦੱਸਿਆ ਕਿ ਰਾਤ 11 ਤੋਂ 12 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਸਰੂਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ | ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਲਗਾਏ ਜਾਣਗੇ | ਇਸ ਮੌਕੇ ਬਾਬਾ ਦਲਜੀਤ ਸਿੰਘ, ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ, ਭਾਈ ਸਰਵਨ ਸਿੰਘ ਚੱਕ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਆਦਿ ਵੀ ਹਾਜ਼ਰ ਸਨ |