ਭੁਲੱਥ, 9 ਮਾਰਚ (ਮੇਹਰ ਚੰਦ ਸਿੱਧੂ)-ਭੁਲੱਥ ਇਲਾਕੇ 'ਚ ਬੀਤੀ ਸ਼ਾਮ ਇਕ ਅਨੋਖਾ ਵਾਕਿਆ ਸਾਹਮਣੇ ਆਇਆ, ਜਦੋਂ ਇਕ ਨਕਾਬ ਪੋਸ਼ ਔਰਤ ਵਲੋਂ ਮੋਟਰਸਾਈਕਲ ਸਵਾਰ ਪਾਸੋਂ ਫ਼ਿਲਮੀ ਅੰਦਾਜ਼ 'ਚ 5000 ਰੁਪਏ ਠੱਗੇ | ਮੁਹੰਮਦ ਜਹੀਰ ਪੁੱਤਰ ਸਲੀਮੁਲ ਵਾਸੀ ਬਿਹਾਰ ਹਾਲ ਵਾਸੀ ਭੁਲੱਥ ਨੇ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੁਲੱਥ ਤੋਂ ਪਿੰਡ ਬਾਗੜੀਆਂ ਪੈਟਰੋਲ ਪੰਪ 'ਤੇ ਤੇਲ ਪਵਾਉਣ ਜਾ ਰਿਹਾ ਸੀ ਤੇ ਰਸਤੇ 'ਚ ਰੋਡ 'ਤੇ ਕਮਰਾਵਾਂ ਨਜ਼ਦੀਕ ਖੜੀ ਇਕ ਨਕਾਬ ਪੋਸ਼ ਔਰਤ ਨੇ ਉਸ ਨੂੰ ਹੱਥ ਦੇ ਕੇ ਰੋਕਿਆ ਤੇ ਅਗਲੇ ਅੱਡੇ 'ਤੇ ਲਾਹ ਦੇਣ ਵਾਸਤੇ ਬੇਨਤੀ ਕੀਤੀ ਤਾਂ ਜਦੋਂ ਉਹ ਪਿੰਡ ਬਾਗੜੀਆਂ ਪੈਟਰੋਲ ਪੰਪ 'ਤੇ ਤੇਲ ਪਾਉਣ ਲਈ ਰੁਕਿਆ ਤਾਂ ਉਕਤ ਔਰਤ ਨੇ ਉਸ ਨੂੰ ਆਪਣੇ ਪਰਸੋਂ 'ਚੋਂ ਰੁਪਏ ਕੱਢਦੇ ਦੇਖ ਲਿਆ ਸੀ ਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਥੋੜ੍ਹਾ ਉਸ ਨੂੰ ਅੱਡੇ ਤੋਂ ਅੱਗੇ ਕਰ ਆਵੇ, ਜਦੋਂ ਉਹ ਪਿੰਡ ਬਾਗੜੀਆਂ ਤੋਂ ਥੋੜਾ ਅੱਗੇ ਗਿਆ ਤਾਂ ਉਕਤ ਔਰਤ ਨੇ ਉਸ ਨੂੰ ਮੋਟਰਸਾਈਕਲ ਰੋਕਣ ਲਈ ਕਿਹਾ ਤੇ ਕਿਹਾ ਕਿ ਉਹ ਆਪਣਾ ਪਰਸ ਕੱਢ ਕੇ ਮੇਰੇ ਹਵਾਲੇ ਕਰ ਦੇਵੇ ਨਹੀਂ ਤਾਂ ਰੌਲਾ ਪਾ ਕੇ ਰਾਹਗੀਰਾਂ ਨੂੰ ਇਕੱਠੇ ਕਰ ਲਵੇਗੀ ਤੇ ਤੇਰੇ 'ਤੇ ਝੂਠੇ ਇਲਜ਼ਾਮ ਲਗਾਏਗੀ | ਮੋਟਰਸਾਈਕਲ ਸਵਾਰ ਨੇ ਡਰਦੇ ਹੋਏ ਆਪਣਾ ਪਰਸ ਉਕਤ ਔਰਤ ਦੇ ਹਵਾਲੇ ਕਰ ਦਿੱਤਾ | ਜਿਸ 'ਚ ਉਸਦੇ 5000 ਰੁਪਏ ਸਨ ਤੇ ਉਕਤ ਔਰਤ ਫ਼ਿਲਮੀ ਅੰਦਾਜ਼ ਵਿਚ 5000 ਰੁਪਏ ਠੱਗ ਕੇ ਆਪਣੇ ਰਾਹ ਪਈ |