ਬੇਗੋਵਾਲ, 3 ਅਪ੍ਰੈਲ (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਬਰਿਆਰ ਵਿਖੇ ਮੈਗਾ ਪੀ. ਟੀ. ਐਮ. (ਮਾਪੇ ਅਧਿਆਪਕ ਮਿਲਣੀ) ਦਾ ਆਯੋਜਨ ਕੀਤਾ | ਜਿਸ ਵਿਚ ਸਭ ਤੋਂ ਪਹਿਲਾਂ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਬੱਚਿਆਂ ਦਾ ਸਾਲਾਨਾ ਨਤੀਜਾ ਐਲਾਨਿਆ, ਜਿਸ 'ਚ ਚੰਗੀਆਂ ਪੁਜ਼ੀਸ਼ਨਾਂ ਤੇ ਨੰਬਰ ਹਾਸਿਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮਿਹਰ ਸਿੰਘ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਮਾਸਟਰ ਜਗਤਾਰ ਸਿੰਘ ਨਡਾਲੀ ਮਾਸਟਰ ਲਖਬੀਰ ਸਿੰਘ ਤੇ ਸੀ. ਐਚ. ਪੀ. ਰਣਜੀਤ ਸਿੰਘ ਨੇ ਪਾਸ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਕਰਨ ਵਾਲੇ ਹਮੇਸ਼ਾ ਮੰਜ਼ਿਲਾਂ ਹਾਸਿਲ ਕਰ ਜਾਂਦੇ ਹਨ ਤੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਮਿਹਨਤ ਕਰਨ ਦੀ ਵੀ ਅਪੀਲ ਕੀਤੀ | ਉਪਰੰਤ ਸਕੂਲ ਦੇ ਨੰਨੇ੍ਹ ਮੁੰਨੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ | ਅੰਤ 'ਚ ਸਕੂਲ ਦੇ ਅਧਿਆਪਕ ਬਲਵਿੰਦਰ ਕੌਰ ਵਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਤੇ ਖ਼ਾਸ ਕਰਕੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪਿੰਡ ਦੇ ਸਾਰੇ ਮੁਹਤਬਰ ਵਿਅਕਤੀਆਂ 'ਤੇ ਬਹੁਤ ਮਾਣ ਹੈ ਜੋ ਹਰ ਸਮੇਂ ਸਕੂਲ ਦੇ ਸਮਾਗਮਾਂ ਵਿਚ ਜਿਥੇ ਹਾਜ਼ਰ ਹੁੰਦੇ ਹਨ ਉਥੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵੀ ਕਰਦੇ ਹਨ |