ਕਪੂਰਥਲਾ, 5 ਅਪ੍ਰੈਲ (ਸਡਾਨਾ)-ਸਰਕਾਰੀ ਸਕੂਲ ਲੈਬਾਰਟਰੀ ਸਟਾਫ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 6 ਤੇ 7 ਅਪ੍ਰੈਲ ਨੂੰ ਸਾਂਝੇ ਤੌਰ 'ਤੇ ਜ਼ਿਲ੍ਹਾ ਪੱਧਰੀ ਰੋਸ ਵਿਖਾਵਿਆਂ 'ਚ ਹਿੱਸਾ ਲਿਆ ਜਾਵੇਗਾ | ਇਸ ਸੰਬੰਧੀ ਸੂਬਾ ਜਨਰਲ ਸਕੱਤਰ ਪੰਕਜ ਸਪਰਾ ਤੇ ਜ਼ਿਲ੍ਹਾ ਪ੍ਰਧਾਨ ਅਸ਼ੀਸ਼ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਢਾਲ ਬਣਾ ਕੇ ਪੰਜਾਬ ਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ 'ਤੇ ਜਬਰੀ ਥੋਪੇ ਗਏ ਟੈੱਸਟ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਉਕਤ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਟੈੱਟ ਟੈੱਸਟ ਦੇ ਵਿਰੋਧ 'ਚ ਰੀਵਿਊ ਪਟੀਸ਼ਨ ਦਾਇਰ ਕਰਨ ਅਤੇ ਵਿਧਾਨ ਸਭਾ 'ਚ ਮਤਾ ਲੈ ਕੇ ਆਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਨੇ ਦੋਵੇਂ ਮੰਗਾਂ ਸੰਬੰਧੀ ਅਧਿਆਪਕਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ, ਜਿਸ ਨਾਲ ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਪੰਕਜ ਸਪਰਾ ਤੇ ਅਸ਼ੀਸ਼ ਨੇ ਦੱਸਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ 6 ਤੇ 7 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਜ਼ਿਲ੍ਹਾ ਪੱਧਰੀ ਰੋਸ ਵਿਖਾਵਾ ਕੀਤਾ ਜਾਵੇਗਾ ਤੇ ਲੈਬਾਰਟਰੀ ਸਟਾਫ਼ ਯੂਨੀਅਨ ਵੀ ਇਸ ਵਿਚ ਪੂਰਾ ਸਾਥ ਦੇਵੇਗੀ | ਉਨ੍ਹਾਂ ਦੱਸਿਆ ਕਿ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦੇ ਬਾਹਰ 11 ਅਪ੍ਰੈਲ ਨੂੰ ਸੂਬਾ ਪੱਧਰੀ ਇਕੱਠ ਕਰਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਜਾਵੇਗਾ |