ਸੁਭਾਨਪੁਰ, 9 ਅਪ੍ਰੈਲ (ਸਤਨਾਮ ਸਿੰਘ)-ਐਸ. ਐਸ. ਪੀ. ਗੌਰਵ ਤੂਰਾ ਵਲੋਂ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਐਸ. ਐਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਐਸ. ਆਈ. ਜਸਦੀਪ ਸਿੰਘ ਭੈੜੇ ਪੁਰਸ਼ਾਂ ਦੀ ਤਲਾਸ਼ 'ਚ ਸੁਭਾਨਪੁਰ, ਪਹਾੜੀਪੁਰ, ਬੂਟ, ਬਾਦਸ਼ਾਹਪੁਰ ਆਦਿ ਪਿੰਡਾਂ ਦੀ ਤਰਫ ਗਸ਼ਤ ਕਰ ਰਹੇ ਸਨ | ਜਦੋਂ ਪੁਲਿਸ ਪਾਰਟੀ ਲਿੰਕ ਰੋਡ ਪਿੰਡ ਬੂਟ ਵੱਲ ਗਈ ਤਾਂ ਗੁਰਦੁਆਰਾ ਬਾਬਾ ਅਮਰਨਾਥ ਜੀ ਦੇ ਨਜ਼ਦੀਕ ਟੀ-ਪੁਆਇੰਟ ਦੇ ਪਾਸ ਪੁੱਜੀ ਤਾਂ ਇਕ ਵਿਅਕਤੀ ਖੜ੍ਹਾ ਦਿਖਾਈ ਦਿੱਤਾ | ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੀ ਪਜ਼ਾਮੇ ਦੀ ਜੇਬ 'ਚੋਂ ਇਕ ਵਜ਼ਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਤੇ ਆਪ ਤੇਜ਼ ਕਦਮੀ ਪਿੱਛੇ ਨੂੰ ਤੁਰ ਪਿਆ | ਪੁਲਿਸ ਪਾਰਟੀ ਵਲੋਂ ਸ਼ੱਕ ਪੈਣ ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਂਅ ਪੱਤਾ ਪੁੱਛਿਆ | ਜਿਸ ਨੇ ਆਪਣਾ ਨਾਂਅ ਬਲਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਅਮਰਜੀਤ ਸਿੰਘ ਵਾਸੀ ਸੇਚਾ ਥਾਣਾ ਸੁਲਤਾਨਪੁਰ ਲੋਧੀ ਹਾਲ ਵਾਸੀ ਪਿੰਡ ਬੂਟ ਦੱਸਿਆ | ਉਕਤ ਵਿਅਕਤੀ ਵਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ 'ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ | ਥਾਣਾ ਮੁਖੀ ਸੁਭਾਨਪੁਰ ਹਰਜਿੰਦਰ ਸਿੰਘ ਨੇ ਦੱਸਿਆ ਕੇ ਕਾਬੂ ਕੀਤੇ ਗਏ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਰਿਮਾਂਡ ਹਾਸਿਲ ਕਰਨ ਤੋਂ ਬਾਅਦ ਇਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕੇ ਇਹ ਹੈਰੋਇਨ ਕਿੱਥੋਂ ਲਈ ਹੈ ਤੇ ਕਿਸ ਨੂੰ ਦੇਣ ਲਈ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕੇ ਕਥਿਤ ਦੋਸ਼ੀ ਬਲਵਿੰਦਰ ਸਿੰਘ ਉਰਫ਼ ਕਾਲਾ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |