ਕਪੂਰਥਲਾ, 10 ਅਪ੍ਰੈਲ (ਅਮਰਜੀਤ ਕੋਮਲ)-ਰਾਜ ਭਾਸ਼ਾ ਨੀਤੀ ਨੂੰ ਰੇਲ ਕੋਚ ਫ਼ੈਕਟਰੀ ਵਿਚ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਰਾਜ ਭਾਸ਼ਾ ਲਾਗੂ ਕਰਨ ਕਮੇਟੀ ਦੀ ਮੀਟਿੰਗ ਆਰ. ਸੀ. ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਆਰ. ਸੀ. ਐਫ. ਵਿਚ ਰਾਜ ਭਾਸ਼ਾ ਹਿੰਦੀ ਦੀ ਵਰਤੋਂ ਦੀ ਪ੍ਰਗਤੀ ਨਾਲ ਸੰਬੰਧਿਤ ਵੱਖ-ਵੱਖ ਮੱਦਾਂ 'ਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ | ਉਪਰੰਤ ਸੀਨੀਅਰ ਭਾਸ਼ਾ ਅਧਿਕਾਰੀ ਵਿਨੋਦ ਕਟੋਚ ਨੇ ਪਿਛਲੀ ਤਿਮਾਹੀ ਦੌਰਾਨ ਦਫ਼ਤਰੀ ਕੰਮਕਾਜ 'ਚ ਹਿੰਦੀ ਭਾਸ਼ਾ ਦੀ ਵਰਤੋਂ, ਪ੍ਰਗਤੀ ਤੇ ਭਵਿੱਖ ਦੀ ਕਾਰਜ ਯੋਜਨਾ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਮੈਨੇਜਰ ਅਜੈ ਨੰਦਨ ਨੇ ਰਾਜ ਭਾਸ਼ਾ ਵਿਭਾਗ ਵਲੋਂ ਹਿੰਦੀ ਦੇ ਪ੍ਰਚਾਰ ਅਤੇ ਪਸਾਰ ਲਈ ਤੇ ਸਰਕਾਰੀ ਕੰਮਕਾਜ ਵਿਚ ਇਸ ਦੀ ਵੱਧ ਰਹੀ ਵਰਤੋਂ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਰ. ਸੀ. ਐਫ. ਦੇ ਸਾਰੇ ਵਿਭਾਗਾਂ ਨੂੰ ਰਾਜ ਭਾਸ਼ਾ ਨੀਤੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਲਗਾਤਾਰ ਯਤਨ ਕਰਨ ਲਈ ਪ੍ਰੇਰਿਤ ਕੀਤਾ | ਮੀਟਿੰਗ ਮੌਕੇ ਹਿੰਦੀ ਪੰਦ੍ਹਰਵਾੜੇ ਦੌਰਾਨ ਕਰਵਾਇਆ ਗਿਆ ਨਿਬੰਧ ਮੁਕਾਬਲਾ, ਹਿੰਦੀ ਟਿੱਪਣੀ ਅਤੇ ਲੇਖਣ ਮੁਕਾਬਲਾ ਤੇ ਹਿੰਦੀ ਵਾਕ ਮੁਕਾਬਲੇ ਵਿਚ ਵੱਖ-ਵੱਖ ਸਥਾਨ ਹਾਸਿਲ ਕਰਨ ਵਾਲੇ ਮੁਲਾਜ਼ਮਾਂ ਨੂੰ ਰਾਜ ਭਾਸ਼ਾ ਐਵਾਰਡ ਨਾਲ ਸਨਮਾਨਿਤ ਕੀਤਾ | ਇਸੇ ਦੌਰਾਨ ਰਾਜ ਭਾਸ਼ਾ ਵਿਭਾਗ ਦੇ ਸਾਲਾਨਾ ਮੈਗਜ਼ੀਨ 'ਅਰੁਣੋਦਯ' ਵੀ ਜਾਰੀ ਕੀਤਾ | ਮੀਟਿੰਗ ਦੀ ਸਮਾਪਤੀ 'ਤੇ ਰਾਜ ਭਾਸ਼ਾ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ, ਪ੍ਰਸ਼ਾਸਕੀ ਕਾਰਜਾਂ ਵਿਚ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੰਕਲਪ ਲਿਆ ਗਿਆ |