ਸੁਲਤਾਨਪੁਰ ਲੋਧੀ, 12 ਅਪ੍ਰੈਲ (ਨਰੇਸ਼ ਹੈਪੀ)-ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਬੂਲੇ ਨੇ ਡੀ. ਸੀ. ਕਪੂਰਥਲਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਵੋਟਾਂ ਦੀ ਸੁਧਾਈ ਕਰਨ ਲਈ ਜਿਨ੍ਹਾਂ ਕੋਲ ਸਾਰੇ ਲੋੜੀਂਦੇ ਦਸਤਾਵੇਜ਼ ਹਨ, ਉਨ੍ਹਾਂ ਦੀਆਂ ਬਿਨਾਂ ਕਾਰਨ ਵੋਟਾਂ ਨਾ ਕੱਟੀਆਂ ਜਾਣ | ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਦੇ ਨਾਂਅ ਤੇ ਪਿੰਡਾਂ ਦੇ ਵੋਟਰਾਂ ਨੂੰ 2003 ਦੀਆਂ ਵੋਟਰ ਸੂਚੀਆਂ ਦਿਖਾਉਣ ਲਈ ਸੰਬੰਧਿਤ ਅਮਲੇ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਤਹਿਤ ਵੋਟਰਾਂ ਨੂੰ ਆਪਣੀ ਨਾਗਰਿਕਤਾ ਸਾਬਿਤ ਕਰਨ ਲਈ 11 ਵਿਸ਼ੇਸ਼ ਦਸਤਾਵੇਜ਼ਾਂ ਵਿਚੋਂ ਇਕ ਜਮਾਂ ਕਰਨਾ ਲਾਜ਼ਮੀ ਹੈ, ਜਿਨ੍ਹਾਂ 'ਚ ਜਨਮ ਸਰਟੀਫਿਕੇਟ, ਜਾਤ ਪ੍ਰਮਾਣ ਪੱਤਰ, ਰਿਹਾਇਸ਼ੀ ਸਰਟੀਫਿਕੇਟ, ਪਾਸਪੋਰਟ, ਕੌਮੀ ਨਾਗਰਿਕਤਾ ਰਜਿਸਟਰ ਆਦਿ ਸ਼ਾਮਿਲ ਹਨ | ਜੇਕਰ ਹੁਣ ਕੋਈ ਵੋਟਰ ਇਨ੍ਹਾਂ 11 ਦਸਤਾਵੇਜ਼ਾਂ 'ਚੋਂ ਇਕ ਜਮਾ ਨਹੀਂ ਕਰਵਾ ਪਾਏਗਾ ਤਾਂ ਉਸ ਦਾ ਨਾਂਅ ਵੋਟਰ ਸੂਚੀ ਤੋਂ ਹਟਾਇਆ ਜਾ ਸਕਦਾ ਹੈ | ਜਥੇਦਾਰ ਬੂਲੇ ਨੇ ਦੱਸਿਆ ਕਿ ਪਿੰਡਾਂ ਦੇ ਬਹੁਤ ਸਾਰੇ ਵੋਟਰਾਂ ਨੂੰ ਖ਼ਾਸ ਕਰਕੇ ਮਹਿਲਾਵਾਂ ਨੂੰ 2003 ਦੀ ਵੋਟਰ ਸੂਚੀ, ਜਿਸ 'ਚ ਉਨ੍ਹਾਂ ਦੇ ਨਾਂਅ ਦਰਜ ਹਨ, ਸਬੂਤ ਵਜੋਂ ਬੀ. ਐਲ. ਓ. ਨੂੰ ਦਿਖਾਉਣ ਲਈ ਕਿਹਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇੰਨੀਆਂ ਪੁਰਾਣੀਆਂ ਸੂਚੀਆਂ ਪਿੰਡਾਂ 'ਚੋਂ ਆਮ ਲੋਕਾਂ ਨੂੰ ਮਿਲਣੀਆਂ ਸੰਭਵ ਨਹੀਂ ਹਨ ਜਦਕਿ ਲੋਕਾਂ ਸਿਰ ਆਪਣੀ ਨਾਗਰਿਕਤਾ ਸਾਬਿਤ ਕਰਨ ਦਾ ਬੋਝ ਪਾ ਦਿੱਤਾ ਗਿਆ ਹੈ | ਜਥੇਦਾਰ ਬੂਲੇ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 326 ਤਹਿਤ 18 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਵੋਟ ਦੇਣ ਦਾ ਹੱਕ ਹੈ, ਪਰ ਐਸ. ਆਈ. ਆਰ. ਪ੍ਰਕਿਰਿਆ ਤਹਿਤ ਸਾਰੇ ਦਸਤਾਵੇਜ਼ ਵਿਖਾਉਣ ਦੇ ਬਾਵਜੂਦ ਵੀ ਵੋਟਰਾਂ ਦੇ ਨਾਂਅ ਕੱਟੇ ਜਾਂਦੇ ਹਨ ਤਾਂ ਇਹ ਬਹੁਤ ਵੱਡੀ ਲਾਪ੍ਰਵਾਹੀ ਤੇ ਕੁਤਾਹੀ ਹੋਵੇਗੀ | ਉਨ੍ਹਾਂ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਪਾਸੋਂ ਮੰਗ ਕੀਤੀ ਕਿ ਵੋਟਰਾਂ ਦੀ ਸ਼ਨਾਖ਼ਤ ਦੇ ਨਾਂਅ ਤੇ ਲੋਕਾਂ 'ਚ ਆਪਣਾ ਦਫ਼ੜੀ ਵਾਲਾ ਮਾਹੌਲ ਨਾ ਪੈਦਾ ਕਰਕੇ ਅਸਲ ਦਸਤਾਵੇਜ਼ ਚੈੱਕ ਕਰਕੇ ਵੋਟਰ ਸੂਚੀ ਦੀ ਸੁਧਾਈ ਚੈੱਕ ਕੀਤੀ ਜਾਵੇ |