ਭੁਲੱਥ, 17 ਅਪ੍ਰੈਲ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਹਲਕਾ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਨਾਲ ਸੰਬੰਧਿਤ ਕਰੀਬ 40 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਵਿਦੇਸ਼ 'ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ | ਇਸ ਸੰਬੰਧੀ ਮਿ੍ਤਕ ਦੀ ਪਤਨੀ ਰੁਪਿੰਦਰ ਕੌਰ ਤੇ ਭਰਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਤਕਰੀਬਨ ਤਿੰਨ ਮਹੀਨੇ ਪਹਿਲਾਂ ਰੋਜ਼ਗਾਰ ਲਈ ਲਿਬਨਾਨ ਗਿਆ ਸੀ, ਜਿਥੇ ਉਹ ਇਕ ਵੈਲਡਿੰਗ ਕੰਪਨੀ ਵਿਚ ਕੰਮ ਕਰ ਰਿਹਾ ਸੀ | ਬੀਤੇ ਦਿਨ ਉਸ ਦੀ ਮੌਤ ਦੀ ਖ਼ਬਰ ਮਿਲੀ | ਕੰਪਨੀ ਦੇ ਮਾਲਕ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਲਖਵਿੰਦਰ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ, ਪਰ ਪਰਿਵਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ | ਉਨ੍ਹਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਲਖਵਿੰਦਰ ਸਿੰਘ ਨੇ ਫ਼ੋਨ 'ਤੇ ਦੱਸਿਆ ਸੀ ਕਿ ਉਸ ਦਾ ਮਾਲਕ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਅਤੇ ਮਾਰ-ਕੁਟਾਈ ਵੀ ਕਰਦਾ ਹੈ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਸੀ | ਮਿ੍ਤਕ ਆਪਣੇ ਪਿੱਛੇ ਦੋ ਧੀਆਂ ਛੱਡ ਗਿਆ ਹੈ, ਜਦਕਿ ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਸੀ ਤੇ ਉਸ ਦੇ ਭਰਾ ਦਾ ਪਰਿਵਾਰ ਵੀ ਉਸੇ 'ਤੇ ਨਿਰਭਰ ਸੀ | ਪਰਿਵਾਰ ਨੇ ਭਾਰਤੀ ਅੰਬੈਂਸੀ ਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਲਖਵਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਜਲਦ ਭਾਰਤ ਵਾਪਸ ਲਿਆਉਣ 'ਚ ਸਾਡੀ ਮਦਦ ਕੀਤੀ ਜਾਵੇ | ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀ ਗੁਰਪ੍ਰੀਤ ਸਿੰਘ ਲਾਲੀਆ ਨੇ ਕਿਹਾ ਕਿ ਲਖਵਿੰਦਰ ਸਿੰਘ ਇਕ ਮਿਹਨਤੀ ਤੇ ਸ਼ਰੀਫ਼ ਇਨਸਾਨ ਸੀ, ਜਿਸ ਦੀ ਭੇਦ-ਭਰੇ ਹਾਲਾਤਾਂ 'ਚ ਮੌਤ ਨਾਲ ਪਿੰਡ ਵਿਚ ਗਹਿਰਾ ਦੁੱਖ ਅਤੇ ਸੋਗ ਦੀ ਲਹਿਰ ਹੈ |