ਭੁਲੱਥ, 17 ਅਪ੍ਰੈਲ (ਮੇਹਰ ਚੰਦ ਸਿੱਧੂ)-ਇਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਲੰਮੇ 'ਚ ਅੱਗ ਲੱਗਣ ਕਾਰਨ 30 ਏਕੜ ਕਣਕ ਦੀ ਫ਼ਸਲ ਤੇ 15 ਏਕੜ ਨਾੜ ਸੜ ਕੇ ਸੁਆਹ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਿੰਡ ਲੰਮੇ ਦੇ ਇਕ ਪਰਿਵਾਰ ਦਾ ਲੜਕਾ ਅਮਰੀਕਾ ਵਿਚ ਪੱਕੇ ਹੋਣ ਕਰਕੇ ਪਰਿਵਾਰ ਵਲੋਂ ਕੀਤੇ ਜਾ ਰਹੇ ਸਮਾਗਮ ਦੌਰਾਨ ਬੱਚਿਆਂ ਵਲੋਂ ਪਟਾਕੇ ਚਲਾਉਣ ਕਾਰਨ ਪੱਕੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਤੇ ਹੋਲੀ-ਹੋਲੀ ਅੱਗ ਖੇਤਾਂ 'ਚ ਭਾਂਬੜ ਬਣ ਕੇ ਪਿੰਡ ਦੇ ਨਾਲ ਲੱਗਦੇ ਕਣਕ ਦੇ ਖੇਤਾਂ 'ਚ ਕਿਸਾਨਾਂ ਦੀ ਪੱਕੀ ਫ਼ਸਲ ਨੂੰ ਸਾੜ ਕੇ ਸੁਆਹ ਕਰ ਗਈ | ਪਿੰਡ ਲੰਮੇ ਦੇ ਕਿਸਾਨ ਗੁਰਬਚਨ ਸਿੰਘ ਦੀ 13 ਏਕੜ, ਅੰਮਿ੍ਤਪਾਲ ਸਿੰਘ 3 ਏਕੜ, ਫੰੁਮਣ ਸਿੰਘ ਦੀ 1 ਏਕੜ, ਕੁਲਵੰਤ ਸਿੰਘ ਦੀ 3 ਏਕੜ, ਸੁਖਵਿੰਦਰ ਸਿੰਘ ਦੀ 10 ਏਕੜ, ਕਰਨੈਲ ਸਿੰਘ ਦਾ 10 ਏਕੜ ਨਾੜ, ਸੁਖਵਿੰਦਰ ਸਿੰਘ ਦਾ 3 ਏਕੜ ਨਾੜ, ਜਸਵੀਰ ਸਿੰਘ ਦਾ 2 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਤੇ ਕਿਸਾਨ ਜਸਵਿੰਦਰ ਸਿੰਘ ਦਾ ਨਿਊ ਹਾਲੈਂਡ ਟਰੈਕਟਰ ਵੀ ਸੜ ਗਿਆ | ਫਾਇਰ ਬਿ੍ਗੇਡ ਇੰਚਾਰਜ ਸੰਦੀਪ ਕੁਮਾਰ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੱਲੋਂ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਤੇ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ |