ਸੁਲਤਾਨਪੁਰ ਲੋਧੀ, 17 ਅਪੈ੍ਰਲ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖ਼ਤਿਆਰੀ ਫ਼ੰਡਾਂ ਵਿਚੋਂ 25 ਲੱਖ ਦੇ ਕਰੀਬ ਗ੍ਰਾਂਟ ਜਾਰੀ ਕਰਕੇ ਸੱਤ ਪਿੰਡਾਂ ਨੂੰ ਪਾਣੀ ਦੇ ਟੈਂਕਰ ਸੌਂਪੇ ਹਨ | ਇਨ੍ਹਾਂ ਟੈਂਕਰਾਂ ਦੀ ਸਮਰੱਥਾ ਪੰਜ ਹਜ਼ਾਰ ਲੀਟਰ ਦੀ ਹੈ | ਪਾਣੀ ਦੇ ਇਹ ਟੈਂਕਰ ਵਾਤਾਵਰਣ ਸੰਭਾਲ ਅਤੇ ਪਿੰਡਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਅਸਥਾਨ ਦੇ ਸ਼ਰਾਇਨ ਬੋਰਡ ਦੇ ਚੇਅਰਮੈਨ ਬਾਬਾ ਪ੍ਰਗਟ ਨਾਥ ਉਚੇਚੇ ਤੌਰ 'ਤੇ ਹਾਜ਼ਰ ਹੋਏ | ਬਾਬਾ ਪ੍ਰਗਟ ਨਾਥ ਦੇ ਪਿੰਡ ਰਹੀਮਪੁਰ ਨੂੰ ਵੀ ਪੰਜ ਹਜ਼ਾਰ ਲੀਟਰ ਵਾਲਾ ਸਟੀਲ ਦਾ ਪਾਣੀ ਵਾਲਾ ਇਹ ਟੈਂਕਰ ਦਿੱਤਾ ਗਿਆ | ਰਹੀਮਪੁਰ ਦੀ ਪੰਚਾਇਤ ਇਹ ਟੈਂਕਰ ਲੈਣ ਲਈ ਵੀ ਸੀਚੇਵਾਲ ਨਿਰਮਲ ਕੁਟੀਆ ਪਹੁੰਚੀ ਹੋਈ ਸੀ | ਜਲੰਧਰ ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਨੂੰ ਇਹ ਟੈਂਕਰ ਦਿੱਤੇ ਗਏ ਉਨ੍ਹਾਂ ਪਿੰਡਾਂ ਵਿਚ ਪੰਧਰੇ, ਅਕਲਪੁਰ, ਸੈਦਪੁਰ ਝਿੜੀ, ਰਹੀਮਪੁਰ, ਮੋਤੀਪੁਰ ਬੁੱਢਣਵਾਲ ਤੇ ਨੰਗਲ ਅੰਬੀਆਂ ਖ਼ੁਰਦ ਹਨ | ਇਨ੍ਹਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਟੈਂਕਰ ਨਾ ਸਿਰਫ਼ ਪਿੰਡਾਂ ਦੇ ਸਾਂਝੇ ਸਮਾਗਮਾਂ ਵਿਚ ਵਰਤੇ ਜਾਣਗੇ, ਸਗੋਂ ਦਲਿਤ ਪਰਿਵਾਰਾਂ ਦੇ ਵਿਆਹ-ਸ਼ਾਦੀਆਂ ਵਿਚ ਵੀ ਬਹੁਤ ਲਾਹੇਵੰਦ ਸਾਬਤ ਹੋਣਗੇ | ਪੰਜ ਹਜ਼ਾਰ ਲੀਟਰ ਸਮਰੱਥਾ ਵਾਲੇ ਇਹ ਟੈਂਕਰ ਪਿੰਡਾਂ ਅਤੇ ਆਲੇ-ਦੁਆਲੇ ਲਗਾਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ-ਨਾਲ ਵੱਖ-ਵੱਖ ਸਮਾਗਮਾਂ ਦੌਰਾਨ ਪਾਣੀ ਦੀ ਲੋੜ ਪੂਰੀ ਕਰਨ ਵਿਚ ਸਹਾਇਕ ਰਹਿਣਗੇ | ਪਿੰਡ ਸੈਦਪੁਰ ਝਿੜੀ ਦੇ ਸਰਪੰਚ ਤਰਸੇਮ ਸਿੰਘ ਧੰਜੂ ਨੇ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿਚ ਕਈ ਰਾਜਨੀਤਿਕ ਆਗੂ ਵੇਖੇ ਹਨ, ਪਰ ਸੰਤ ਸੀਚੇਵਾਲ ਜੀ ਵਾਂਗ ਇੰਨੀ ਸੰਜੀਦਗੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਵਾਲਾ ਕੋਈ ਨਹੀਂ ਵੇਖਿਆ | ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਇੰਨੇ ਵੱਡੇ ਅਹੁਦੇ 'ਤੇ ਹੰੁਦਿਆਂ ਹੋਇਆ ਵੀ ਇੱਕ ਲੋਕਾਂ ਵਿਚ ਆਮ ਹੀ ਵਿਚਰ ਰਹੇ ਹਨ | ਉਨ੍ਹਾਂ ਸੰਤ ਸੀਚੇਵਾਲ ਦਾ ਕੋਟੀ ਕੋਟਿਨ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਪੱਤਰਕਾਰ ਗਿਆਨ ਸੈਦਪੁਰੀ ਅਤੇ ਪਿੰਡ ਦੇ ਹੋਰ ਮੁਹਤਬਰਾਂ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪੰਜਾਬ ਦੇ ਅਜਿਹੇ ਆਗੂ ਵਜੋਂ ਸਥਾਪਿਤ ਹੋਏ ਹਨ ਜੋ ਪੰਜਾਬ ਦੇ ਪਾਣੀਆਂ ਦੀ ਫ਼ਿਕਰ ਕਰਦੇ ਹਨ | ਵੱਖ-ਵੱਖ ਪਿੰਡਾਂ ਦੇ ਆਏ ਹੋਏ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਨੂੰ ਪਾਣੀ ਦੇ ਟੈਂਕਰ ਦੀ ਬਹੁਤ ਹੀ ਸਖ਼ਤ ਜ਼ਰੂਰਤ ਸੀ | ਹਰ ਸਾਲ ਵੱਡੇ ਪੱਧਰ ਤੇ ਸਮਾਗਮਾਂ ਦੌਰਾਨ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਟੈਂਕਰਾਂ ਦੀ ਭਾਲ ਕੀਤੀ ਜਾਂਦੀ ਸੀ | ਇਸ ਤੋਂ ਇਲਾਵਾ ਹਰ ਸਾਲ ਲਗਾਏ ਗਏ ਪੌਦੇ ਵੀ ਸਮੇਂ ਸਿਰ ਪਾਣੀ ਨਾਲ ਮਿਲਣ 'ਤੇ ਸੁੱਕ ਜਾਂਦੇ ਸਨ, ਪਰ ਹੁਣ ਇਹਨਾਂ ਟੈਂਕਰਾਂ ਨਾਲ ਸਾਰੇ ਬੂਟੇ ਬਚ ਜਾਣਗੇ ਤੇ ਇਲਾਕਾ ਹਰਿਆ-ਭਰਿਆ ਹੋ ਨਿਬੜੇਗਾ | ਇਸ ਮੌਕੇ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਸਮੇਤ ਪਿੰਡਾਂ ਦੀਆਂ ਹੋਰ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ |