ਫਗਵਾੜਾ, 20 ਅਪੈ੍ਰਲ (ਹਰਜੋਤ ਸਿੰਘ ਚਾਨਾ)-ਗੁਰੂ ਰਵਿਦਾਸ ਟਾਇਗਰ ਫੋਰਸ (ਰਜਿ) ਪੰਜਾਬ ਵੱਲੋਂ ਚੇਅਰਮੈਨ ਯਸ਼ ਬਰਨਾ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਨਾਂਅ 'ਤੇ ਐਸ.ਡੀ.ਐਮ. ਰਣਧੀਰ ਸਿੰਘ ਹੀਰ ਨੂੰ ਮੰਗ ਪੱਤਰ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ 20 ਫਰਵਰੀ 2027 ਦਿਨ ਸ਼ਨੀਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਪੰਜਾਬ ਸਰਕਾਰ ਵਲੋਂ ਵੀ ਵੱਡੇ ਪੱਧਰ 'ਤੇ ਮਨਾਉਣ ਲਈ ਵੀ ਕਿਹਾ ਗਿਆ ਹੈ | ਪੰਜਾਬ 'ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਸਬੰਧਿਤ ਇਤਿਹਾਸਕ ਗੁਰੂ ਘਰ ਹਨ ਜਿਨ੍ਹਾਂ ਲਈ ਪੰਜਾਬ ਸਰਕਾਰ ਵਲੋਂ ਗ੍ਰਾਂਟਾ ਜਾਰੀ ਕੀਤੀਆਂ ਜਾਣ ਤਾਂ ਜੋ ਗੁਰੂ ਘਰਾਂ ਦਾ ਸੁੰਦਰੀਕਰਨ ਕੀਤਾ ਜਾ ਸਕੇ ਤੇ ਅਧੂਰੀਆਂ ਇਤਿਹਾਸਕ ਇਮਾਰਤਾਂ ਦੀ ਉਸਾਰੀ ਕੀਤੀ ਜਾ ਸਕੇ ਤੇ ਪਿੰਡਾਂ ਸ਼ਹਿਰਾਂ 'ਚ ਗੁਰੂ ਘਰ ਨੂੰ ਜਾਂਦੇ ਰਸਤਿਆਂ ਨੂੰ ਪੱਕਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸ਼ਰਧਾ ਨੂੰ ਦੇਖਦਿਆਂ 650 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਜਾਵੇ ਜਿਸਨੂੰ ਗੁਰੂ ਘਰਾਂ ਦੇ ਸੁੰਦਰੀਕਰਨ ਤੇ ਅਧੂਰੀਆਂ ਇਮਾਰਤਾਂ ਦੀ ਉਸਾਰੀ ਤੇ ਹਰ ਵਰਗ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਉਚੇਰੀ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਖ਼ਰਚ ਕੀਤਾ ਜਾਵੇ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਯੂਨੀਵਰਸਿਟੀ ਤੇ ਹਸਪਤਾਲ ਖੋਲਿ੍ਹਆ ਜਾਵੇ | ਉਨ੍ਹਾਂ ਕਿਹਾ ਕਿ ਚਰਨ ਛੋਹ ਅਸਥਾਨ ਚੱਕ ਹਕੀਮ ਦੇ ਨੇੜੇ ਜਲੰਧਰ-ਚੰਡੀਗੜ੍ਹ ਬਾਈਪਾਸ ਫਗਵਾੜਾ ਵਿਖੇ ਪਿੰਡ ਕਾਂਸ਼ੀ ਨਗਰ (ਮੇਹਟਾ) ਸਥਿਤ ਚੌਂਕ ਦਾ ਨਾਮ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਰੱਖਿਆ ਜਾਵੇ | ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਪੰਜਾਬ ਵਿਧਾਨ ਸਭਾ 'ਚ ਸਾਹਿਬ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਮਤਾ ਪਾਇਆ ਗਿਆ ਸੀ, ਪੰਜਾਬ 'ਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਜਲੰਧਰ-ਚੰਡੀਗੜ੍ਹ ਬਾਈਪਾਸ ਫਗਵਾੜਾ ਵਿਖੇ ਸਥਿਤ ਹੁਸ਼ਿਆਰਪੁਰ ਰੋਡ ਤੇ ਚੌਂਕ ਦਾ ਨਾਮ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਮ ਤੇ ਰੱਖਿਆ ਜਾਵੇ | ਇਸ ਮੌਕੇ ਸੰਤੋਖ ਖੰਗੂੜਾ, ਬਲਬੀਰ ਆਬਾਦੀ, ਸਤੀਸ਼ ਬੰਟੀ, ਮਨਜੀਤ ਮਹਿਮੀ, ਹਰਨਾਮ ਸਿੰਘ, ਪੰਕਜ ਘੇੜਾ, ਐਡਵੋਕੇਟ ਰਣਦੀਪ ਕੁਮਾਰ ਕੈਲੇ, ਲਵਲੀ ਆਬਾਦੀ, ਪਰਮਿੰਦਰ ਬੋਧ, ਪ੍ਰੇਮ ਮੇਹਲੀ, ਮਦਨ ਕਰੋਟਾਣੀਆਂ, ਜੀਤ ਰਾਮ, ਸੁੱਖ ਵਿਰਦੀ, ਮੱਖਣ ਸਿੱਧੂ, ਰਵੀ ਪਲਾਹੀ, ਸੇਵਾ ਸਾਹਨੀ, ਕਰਨ ਸਾਹਨੀ, ਦੀਪਾ ਪ੍ਰੇਮਪੁਰਾ ਆਦਿ ਸ਼ਾਮਿਲ ਸਨ |