ਕਪੂਰਥਲਾ, 23 ਅਪ੍ਰੈਲ (ਅਮਰਜੀਤ ਕੋਮਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕ ਮੀਟਿੰਗ ਪਿੰਡ ਧੰਦਲਾਂ ਦੇ ਮੋੜ 'ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਬਿਜਲੀ ਸਪਲਾਈ ਵਿਚ ਕੋਈ ਸੁਧਾਰ ਨਾ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ ਤੇ ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ 27 ਅਪ੍ਰੈਲ ਨੂੰ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਧਰਨਾ ਦੇਣਗੇ, ਜੇਕਰ ਫਿਰ ਵੀ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਸਾਰਥਿਕ ਹੱਲ ਨਾ ਨਿਕਲਿਆ ਤਾਂ ਬਾਈਪਾਸ 'ਤੇ ਧਰਨਾ ਦੇ ਕੇ ਪੱਕੇ ਤੌਰ 'ਤੇ ਸੜਕ ਬੰਦ ਕੀਤੀ ਜਾਵੇਗੀ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਬੀਤੀ 16 ਅਪ੍ਰੈਲ ਨੂੰ ਯੂਨੀਅਨ ਦੇ ਇਕ ਵਫ਼ਦ ਨੇ ਪਾਵਰਕਾਮ ਦੇ ਸਹਾਇਕ ਚੀਫ਼ ਇੰਜੀਨੀਅਰ ਸੁਰਿੰਦਰਪਾਲ ਸੋਂਧੀ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਸੀ ਕਿ ਕਿਸਾਨਾਂ ਨੂੰ 4 ਘੰਟੇ ਦੀ ਬਿਜਾਈ 8 ਘੰਟੇ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਉਹ ਆਪਣੀਆਂ ਸਬਜ਼ੀਆਂ, ਮੱਕੀ, ਹਦਵਾਣਾ, ਖ਼ਰਬੂਜ਼ਾ ਆਦਿ ਫ਼ਸਲਾਂ ਪਾਲ ਸਕਣ | ਉਨ੍ਹਾਂ ਕਿਹਾ ਕਿ ਪਾਵਰਕਾਮ ਵਲੋਂ ਜਿਹੜੀ ਵੱਖ-ਵੱਖ ਸ਼ਡਿਊਲ 'ਚ 4 ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ, ਇਸ ਦੌਰਾਨ ਵੀ ਕੱਟ ਲੱਗ ਰਹੇ ਹਨ ਤੇ ਕਿਸਾਨਾਂ ਨੂੰ ਲੋੜ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਿਸ ਖੇਤਰ 'ਚ ਕਣਕ ਦੀ ਵੱਧ ਬਿਜਾਈ ਹੋਈ ਹੈ, ਉਥੇ ਕਿਸਾਨਾਂ ਨੂੰ 6 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਦੀਆਂ 3 ਫ਼ਸਲਾਂ ਪਹਿਲਾਂ ਹੀ ਮਰ ਚੁੱਕੀਆਂ ਹਨ, ਪਰ ਹੁਣ ਉਹ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਸੜਕ 'ਤੇ ਉੱਤਰਨ ਲਈ ਮਜਬੂਰ ਹੋਣਗੇ | ਉਨ੍ਹਾਂ ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਬਿੰਦੂ ਸੁੰਨੜਵਾਲ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨੱਥੂ ਚਾਹਲ ਤੇ ਹੋਰ ਕਿਸਾਨ ਆਗੂਆਂ ਨੇ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ 27 ਅਪ੍ਰੈਲ ਨੂੰ ਯੂਨੀਅਨ ਵਲੋਂ ਦਿੱਤੇ ਜਾ ਰਹੇ ਧਰਨੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ | ਮੀਟਿੰਗ 'ਚ ਜ਼ਿਲ੍ਹਾ ਜਲੰਧਰ ਦੇ ਖ਼ਜ਼ਾਨਚੀ ਰਾਜਬੀਰ ਸਿੰਘ ਚਮਿਆਰਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਢੱਪਈ, ਸਹਾਇਕ ਪ੍ਰੈੱਸ ਸਕੱਤਰ ਮਨਜਿੰਦਰ ਕਮਲ, ਗੁਰਦੀਪ ਸਿੰਘ, ਜਸਵੀਰ ਸਿੰਘ ਖਾਨੋਵਾਲ, ਦਲਜੀਤ ਸਿੰਘ, ਬਲਵਿੰਦਰ ਸਿੰਘ ਕਾਕਾ, ਮਨਜੀਤ ਸਿੰਘ ਢੱਪਈ, ਅਵਤਾਰ ਸਿੰਘ, ਗੁਰਬਖ਼ਸ਼ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਸਾਬੀ ਲੱਖੀ, ਗੁਰਜੀਤ ਸਿੰਘ, ਚਰਨਜੀਤ ਸਿੰਘ, ਗੁਰਨਾਮ ਲਾਲ, ਸੁਰੈਣ ਸਿੰਘ, ਤਰਲੋਚਨ ਸਿੰਘ ਗੋਸ਼ੀ ਸਰਪੰਚ, ਸੁਰਜੀਤ ਸਿੰਘ ਸੀਤਾ, ਪਿਆਰਾ ਸਿੰਘ ਆਦਿ ਹਾਜ਼ਰ ਸਨ |