ਕਪੂਰਥਲਾ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਹਿੰਦੂ ਕੰਨਿਆ ਕਾਲਜ ਦੀ ਲਾਇਬ੍ਰੇਰੀ ਵਲੋਂ ਵਿਸ਼ਵ ਪੁਸਤਕ ਤੇ ਕਾਪੀ ਰਾਈਟ ਦਿਵਸ ਨੂੰ ਸਮਰਪਿਤ ਇਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕੀਤਾ | ਉਨ੍ਹਾਂ ਵਿਸ਼ਵ ਪੁਸਤਕ ਤੇ ਕਾਪੀ ਰਾਈਟ ਦਿਵਸ 'ਤੇ ਲਾਇਬ੍ਰੇਰੀਅਨ ਸ਼ੀਲਾ ਦੇਵੀ ਤੇ ਰਿਸਟੋਰਰ ਕੁਮਾਰੀ ਸਾਕਸ਼ੀ, ਹਰਪ੍ਰੀਤ ਕੌਰ, ਕਮਲ ਕੁਮਾਰ ਵਲੋਂ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਹ ਸਮਾਗਮ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਹੈ | ਪਿ੍ੰਸੀਪਲ ਨੇ ਕਿਹਾ ਕਿ ਪੁਸਤਕਾਂ ਸਾਡੀ ਰੂਹ ਦੀ ਖ਼ੁਰਾਕ ਹਨ, ਇਹ ਸਾਡੇ ਗਿਆਨ ਤੇ ਬੌਧਿਕ ਹੁਨਰ ਨੂੰ ਵਧਾਉਣ ਦੇ ਨਾਲ-ਨਾਲ ਪੜ੍ਹਨ ਲਿਖਣ ਦੇ ਹੁਨਰ 'ਚ ਵੀ ਵਾਧਾ ਕਰਦੀਆਂ ਹਨ | ਪ੍ਰਦਰਸ਼ਨੀ ਦੇਖਣ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲਾਇਬ੍ਰੇਰੀਅਨ ਸ਼ੀਲਾ ਦੇਵੀ ਨੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ 'ਚ ਅਸੀਂ ਪੁਸਤਕਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਸਾਨੂੰ ਇਹ ਭਲੀ ਭਾਂਤ ਸਮਝਣਾ ਚਾਹੀਦਾ ਹੈ ਕਿ ਪੁਸਤਕਾਂ ਹੀ ਸਾਡੀਆਂ ਚੰਗੀਆਂ ਸਾਥੀ ਹਨ, ਇਹ ਜਿਥੇ ਸਾਨੂੰ ਇਤਿਹਾਸ ਨਾਲ ਜੋੜਦੀਆਂ ਹਨ, ਉਥੇ ਭਵਿੱਖ ਲਈ ਇਕ ਚੰਗੀ ਸੇਧ ਵੀ ਪ੍ਰਦਾਨ ਕਰਦੀਆਂ ਹਨ | ਇਥੇ ਵਰਨਣਯੋਗ ਹੈ ਕਿ ਪੁਸਤਕ ਪ੍ਰਦਰਸ਼ਨੀ 'ਚ ਸਵੈ ਜੀਵਨੀਆਂ, ਧਾਰਮਿਕ, ਇਤਿਹਾਸਕ ਪੁਸਤਕਾਂ ਤੋਂ ਇਲਾਵਾ ਸਾਹਿਤ ਅਕੈਡਮੀ ਐਵਾਰਡ ਪ੍ਰਾਪਤ ਕਰਨ ਵਾਲੀਆਂ ਪੁਸਤਕਾਂ ਦੇ ਨਾਲ ਨਾਲ ਕਾਲਜ ਦੇ ਅਧਿਆਪਕਾਂ ਦੀਆਂ ਸਵੈ ਜੀਵਨ ਰਚਿਤ ਪੁਸਤਕਾਂ ਨੂੰ ਵੀ ਵਿਦਿਆਰਥੀਆਂ ਨੇ ਬਹੁਤ ਰੀਝ ਨਾਲ ਦੇਖਿਆ | ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ, ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ, ਲਾਇਬ੍ਰੇਰੀਅਨ ਕਮੇਟੀ ਦੀ ਕਨਵੀਨਰ ਡਾ. ਨੀਤੂ ਭਾਰਗਵ, ਮੈਂਬਰ ਡਾ. ਅਨੂਪਮ ਸਭਰਵਾਲ, ਡਾ. ਤਜਿੰਦਰ ਕੌਰ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ਼ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |