ਫਗਵਾੜਾ, 23 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਦੋਆਬਾ ਸਾਹਿਤ ਤੇ ਕਲਾ ਅਕੈਡਮੀ ਦੀ ਇਕ ਵਿਸ਼ੇਸ਼ ਮੀਟਿੰਗ ਆਰੀਆ ਮਾਡਲ ਸੀ. ਐਸ. ਸਕੂਲ ਵਿਖੇ ਪੰਜਾਬ ਦੇ ਉੱਘੇ ਸਾਹਿਤਕਾਰ ਡਾ. ਅਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਅਕੈਡਮੀ ਦੇ ਸਰਪ੍ਰਸਤ ਟੀ. ਡੀ. ਚਾਵਲਾ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ 'ਚ ਪ੍ਰਸਿੱਧ ਸਾਹਿਤਕਾਰ ਡਾ. ਧਰਮਪਾਲ ਸਾਹਿਲ ਨੇ ਫਗਵਾੜਾ ਦੇ ਪ੍ਰਸਿੱਧ ਸਾਹਿਤਕਾਰ ਡਾ. ਜਵਾਹਰ ਧੀਰ ਦੇ 55 ਸਾਲਾਂ ਦੇ ਲੇਖਣ ਤੇ ਸਮਾਜਿਕ ਅਤੇ ਧਾਰਮਿਕ ਖੇਤਰਾਂ 'ਚ ਉਨ੍ਹਾਂ ਦੇ ਕੰਮ ਬਾਰੇ ਇਕ ਕਿਤਾਬ ਰਿਲੀਜ਼ ਕੀਤੀ | ਇਸ ਕਿਤਾਬ 'ਚ ਦੇਸ਼ ਭਰ ਦੇ 75 ਲੇਖਕਾਂ ਨੇ ਡਾ. ਧੀਰ ਦੀਆਂ ਕਿਤਾਬਾਂ ਤੇ ਉਨ੍ਹਾਂ ਦੀ ਸ਼ਖ਼ਸੀਅਤ 'ਤੇ ਲੇਖ ਲਿਖੇ ਹਨ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਧਰਮਪਾਲ ਸਾਹਿਲ ਨੇ ਕਿਹਾ ਇਹ ਮੇਰਾ ਸੁਭਾਗ ਹੈ ਕਿ ਮੈਨੂੰ ਡਾ. ਜਵਾਹਰ ਧੀਰ ਦੀਆਂ ਲਿਖਤਾਂ ਤੇ ਸ਼ਖ਼ਸੀਅਤ 'ਤੇ ਇਕ ਕਿਤਾਬ ਰਿਲੀਜ਼ ਕਰਨ ਦਾ ਮੌਕਾ ਮਿਲਿਆ | ਇਹ ਖੋਜਕਰਤਾਵਾਂ ਲਈ ਇਕ ਮਹੱਤਵਪੂਰਨ ਕਿਤਾਬ ਸਾਬਤ ਹੋਵੇਗੀ | ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਵਿਨੋਦ ਕੁਮਾਰ ਸ਼ਰਮਾ ਨੇ ਡਾ. ਧੀਰ ਦੁਆਰਾ ਲਿਖੀਆਂ ਕਿਤਾਬਾਂ 'ਤੇ ਇਕ ਕਵਿਤਾ ਸੁਣਾਈ | ਕਵੀ ਦਿਲੀਪ ਕੁਮਾਰ ਪਾਂਡੇ ਨੇ ਡਾ. ਜਵਾਹਰ ਧੀਰ ਦਾ ਸੁੰਦਰ ਜਾਣ-ਪਛਾਣ ਕਰਵਾਈ ਤੇ ਹਿੰਦੀ ਅਤੇ ਪੰਜਾਬੀ 'ਚ ਉਨ੍ਹਾਂ ਦੀਆਂ ਸਤਾਰਾਂ ਪ੍ਰਕਾਸ਼ਿਤ ਕਿਤਾਬਾਂ ਬਾਰੇ ਵੀ ਜਾਣਕਾਰੀ ਦਿੱਤੀ | ਆਪਣੇ ਪ੍ਰਧਾਨਗੀ ਭਾਸ਼ਨ 'ਚ ਡਾ. ਅਜੇ ਸ਼ਰਮਾ ਨੇ ਡਾ. ਧੀਰ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਡਾ. ਧੀਰ ਨਾ ਸਿਰਫ਼ ਇਕ ਸਫਲ ਸਾਹਿਤਕਾਰ ਹਨ, ਸਗੋਂ ਇਕ ਸਾਧਾਰਨ ਤੇ ਸੁਚੇਤ ਵਿਅਕਤੀ ਵੀ ਹਨ | ਅਕੈਡਮੀ ਦੇ ਸਰਪ੍ਰਸਤ ਟੀ. ਡੀ. ਚਾਵਲਾ ਨੇ ਪਿਛਲੇ ਸੱਠ ਸਾਲਾਂ 'ਚ ਡਾ. ਧੀਰ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ | ਇਸ ਮੌਕੇ ਡਾ. ਜਵਾਹਰ ਧੀਰ ਨੇ ਕਿਹਾ ਮੈਂ ਇਹ ਸਨਮਾਨ ਆਪਣੇ ਸਾਥੀ ਸਾਹਿਤਕਾਰਾਂ ਤੇ ਫਗਵਾੜਾ ਦੇ ਗਿਆਨਵਾਨ ਨਾਗਰਿਕਾਂ ਨੂੰ ਸਮਰਪਿਤ ਕਰਦਾ ਹਾਂ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਅਤੇ ਸਮਰਥਨ ਦਿੱਤਾ ਹੈ | ਸਮਾਗਮ ਨੂੰ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ, ਪ੍ਰੋਫੈਸਰ ਸਰਲਾ ਭਾਰਦਵਾਜ, ਪ੍ਰੋਫੈਸਰ ਪ੍ਰੋਮਿਲਾ ਅਰੋੜਾ, ਨਿਰਵੈਰ ਸਿੰਘ ਨੇ ਵੀ ਸੰਬੋਧਨ ਕੀਤਾ | ਰਾਜੇਸ਼ ਅਧਿਆਏ ਨੇ ਸਟੇਜ ਦਾ ਸੰਚਾਲਨ ਬਾਖ਼ੂਬੀ ਕੀਤਾ | ਸਮਾਰੋਹ ਦੀ ਆਰੰਭਤਾ 'ਚ ਕਵੀ ਹਰਚਰਨ ਭਾਰਤੀ, ਆਰ. ਐਲ. ਜੱਸੀ, ਨਿਰਵੈਰ ਸਿੰਘ, ਰਵਿੰਦਰ ਸਿੰਘ ਰਾਏ, ਜਤਿੰਦਰ ਗੁਪਤਾ ਅਤੇ ਨੀਰੂ ਗਰੋਵਰ ਪਰਲ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ | ਇਸ ਮੌਕੇ ਮੈਨੇਜਰ ਸੁਰਿੰਦਰ ਚੋਪੜਾ, ਸੀਨੀਅਰ ਸਿਟੀਜ਼ਨਜ਼ ਕੌਂਸਲ ਦੇ ਪ੍ਰਧਾਨ ਗਿਰਧਾਰੀ ਲਾਲ ਗੇਰਾ, ਓਮ ਪ੍ਰਕਾਸ਼ ਕਮਲ, ਚਾਰੂ ਦੱਤ ਸੁਧੀਰ, ਜਸ ਸਿੰਘ, ਵਿਪਨ ਜੈਨ, ਬ੍ਰਹਮ ਦੱਤ, ਕੁਲਵਿੰਦਰ ਸਿੰਘ, ਰਾਜੇਸ਼ ਅਧਿਆਏ ਆਦਿ ਸ਼ਾਮਿਲ ਸਨ |