ਕਪੂਰਥਲਾ, 24 ਅਪ੍ਰੈਲ (ਸਡਾਨਾ)-ਬੀਤੇ ਦਿਨ ਇਕ ਨੌਜਵਾਨ ਦੇ ਅਗਵਾ ਉਪਰੰਤ ਹੋਏ ਕਤਲ ਦੇ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਇਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਸਮੇਤ ਕੁਲ ਪੰਜ ਵਿਅਕਤੀਆਂ ਵਿਰੁੱਧ ਅਗਵਾ, ਕਤਲ ਤੇ ਅਸਲ੍ਹਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ 'ਚ ਜਸਪਾਲ ਵਾਸੀ ਵਰਿ੍ਹਆਂਹ ਦੋਨਾ ਨੇ ਦੱਸਿਆ ਕਿ ਉਸਦੇ ਲੜਕੇ ਦੀਪਕ ਨੂੰ ਔਜਲਾ ਰੋਡ ਤੋਂ ਇਕ ਗੈਸ ਏਜੰਸੀ ਦੇ ਗੋਦਾਮ ਦੇ ਬਾਹਰੋਂ ਕਥਿਤ ਦੋਸ਼ੀ ਨਵਜੋਤ ਸਿੰਘ ਵਾਸੀ ਮੁਸ਼ਕਵੇਦ, ਲਵਪ੍ਰੀਤ ਸਿੰਘ ਉਰਫ਼ ਲਾਲਾ ਵਾਸੀ ਦਿਆਲਪੁਰ, ਰਾਜਨਦੀਪ ਸਿੰਘ ਜੱਗੂ ਵਾਸੀ ਕਿਸ਼ਨ ਸਿੰਘ ਵਾਲਾ ਤੇ ਉਨ੍ਹਾਂ ਦੇ ਨਾਲ ਦੋ ਹੋਰ ਸਾਥੀ ਪਿਸਤੌਲ ਦੇ ਜ਼ੋਰ 'ਤੇ ਕਾਰ ਵਿਚ ਅਗਵਾ ਕਰਕੇ ਲੈ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਉਸ ਨੇ ਆਪਣੇ ਭਰਾ ਸਮੇਤ ਪਿੱਛਾ ਕੀਤਾ ਪਰ ਗੱਡੀ ਤੇਜ਼ ਰਫ਼ਤਾਰ 'ਚ ਲੈ ਕੇ ਫ਼ਰਾਰ ਹੋ ਗਏ | ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਲੜਕੇ ਨੂੰ ਕੁੱਟਮਾਰ ਕਰਕੇ ਦਿਆਲਪੁਰ ਨੇੜੇ ਸੁੱਟ ਦਿੱਤਾ ਹੈ | ਜਦੋਂ ਅਸੀਂ ਮੌਕੇ 'ਤੇ ਪੁੱਜੇ ਤਾਂ ਉੱਥੇ ਖੜੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦੇ ਲੜਕੇ ਦੀਪਕ ਦੀ ਮੌਤ ਹੋ ਗਈ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਵਲੋਂ ਕੀਤੀ ਜਾ ਰਹੀ ਹੈ |