ਮਲੇਰੀਆ ਦੇ ਖ਼ਾਤਮੇ ਲਈ ਲੋਕਾਂ ਦਾ ਚੇਤਨ ਹੋਣਾ ਜ਼ਰੂਰੀ-ਡਾ. ਸੰਜੀਵ ਭਗਤ <br/>
ਅਜੀਤ ਡੈਸਕ
26-04-2026
ਕਪੂਰਥਲਾ, 25 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ, ਮਲੇਰੀਆ ਬੁਖਾਰ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਪ੍ਰਗਟਾਵਾ ਵਿਸ਼ਵ ਮਲੇਰੀਆ ਦਿਵਸ ਮੌਕੇ ਡਾਕਟਰਾਂ ਨਾਲ ਇਕ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਕੀਤਾ | ਉਨ੍ਹਾਂ ਦੱਸਿਆ ਕਿ ਹਰ ਸਾਲ 25 ਅਪ੍ਰੈਲ ਦਾ ਦਿਨ ਮਲੇਰੀਆ ਬਾਰੇ ਲੋਕ ਚੇਤਨਾ ਲਈ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ | ਇਸ ਮੌਕੇ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਨੇ ਦੱਸਿਆ ਕਿ ਮਲੇਰੀਆ ਇਕ ਕਿਸਮ ਦਾ ਗੰਭੀਰ ਬੁਖਾਰ ਹੈ, ਜੋ ਕਿ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਪਲਾਸਮੋਡੀਅਮ ਦੇ ਤੌਰ 'ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ, ਜੋ ਪੈਰਾਸਾਈਡ ਹੈ | ਇਹ ਚਾਰ ਕਿਸਮਾਂ ਵਿਚ ਪਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ 'ਚ ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ | ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਆਲੇ ਦੁਆਲੇ ਨਾ ਤਾਂ ਪਾਣੀ ਨੂੰ ਖੜ੍ਹਾ ਹੋਣ ਦੇਣਾ ਚਾਹੀਦਾ ਤੇ ਨਾ ਹੀ ਕੂੜੇ ਦੇ ਢੇਰ ਲੱਗਣ ਦੇਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਦਿਨ ਤੇ ਰਾਤ ਵੇਲੇ ਮੱਛਰਾਂ ਦੇ ਝੁੰਡ ਘਰਾਂ 'ਚ ਦਸਤਕ ਦਿੰਦੇ ਹਨ ਤੇ ਸਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ | ਦੇਖਣ ਨੂੰ ਭਾਵੇਂ ਇਹ ਛੋਟਾ ਜਿਹਾ ਮੱਛਰ ਹੈ ਪਰ ਇਸ ਨੂੰ ਕਦੇ ਵੀ ਅਣਗੋਲਿਆਂ ਨਾ ਕੀਤਾ ਜਾਵੇ, ਕਿਉਂਕਿ ਇਸ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਰੋਗਾਂ ਦਾ ਖਤਰਾ ਬਣਿਆ ਰਹਿੰਦਾ ਹੈ | ਮਲੇਰੀਆ ਦੇ ਲੱਛਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬੁਖਾਰ ਨਾਲ ਸਿਰ ਦਰਦ, ਉਲਟੀਆਂ, ਠੰਢ ਅਤੇ ਹੱਥਾਂ-ਪੈਰਾਂ 'ਚ ਅਕੇਵਾਂ ਰਹਿਣਾ ਤੇ ਕਾਂਬੇ ਨਾਲ ਤੇਜ਼ ਬੁਖਾਰ ਰਹਿਣਾ ਹੈ | ਡਾ. ਨੰਦਿਤਾ ਖੁੱਲਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਮੇਂ-ਸਮੇਂ 'ਤੇ ਜਾਗਰੂਕਤਾ ਕੰਪੈਨ ਚਲਾਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਣੀਆ ਵਰਗੀਆਂ ਬਿਮਾਰੀਆਂ ਤੋਂ ਬਚਣਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਂਦਾ ਅਤੇ ਛੱਪੜਾਂ ਆਦਿ 'ਚ ਮੱਛਰਾਂ ਦੇ ਖ਼ਾਤਮੇ ਲਈ ਗੰਬੂਜੀਆਂ ਫਿਸ਼ ਪਾਈਆਂ ਜਾਂਦੀਆਂ ਹਨ ਤਾਂ ਕਿ ਇਨ੍ਹਾਂ 'ਚ ਲਾਰਵਾ ਪੈਦਾ ਨਾ ਹੋਵੇ | ਇਸ ਮੌਕੇ ਮਲੇਰੀਆ ਦੀ ਜਾਗਰੂਕਤਾ ਸੰਬੰਧੀ ਪੋਸਟਰ ਰਿਲੀਜ਼ ਕੀਤਾ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਏ. ਐਮ. ਓ. ਬਲਕਾਰ ਸਿੰਘ, ਐਸ. ਆਈ ਗੁਰਬੀਰ ਸਿੰਘ, ਬਲਜੀਤ ਸਿੰਘ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ |