ਸੁਲਤਾਨਪੁਰ ਲੋਧੀ, 25 ਅਪ੍ਰੈਲ (ਨਰੇਸ਼ ਹੈਪੀ)-ਐਸ. ਡੀ. ਕਾਲਜ ਫਾਰ ਵੋਮੈਨ ਵਿਖੇ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ 'ਚ ਵਾਤਾਵਰਨ ਸੁਰੱਖਿਆ ਤੇ ਸਥਿਰਤਾ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ | ਇਸ ਦੌਰਾਨ ਪਿ੍ੰਸੀਪਲ ਡਾ. ਸ਼ੁਕਲਾ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਪ੍ਰੇਰਿਤ ਕੀਤਾ | ਸਮਾਗਮ ਐਨ. ਐਸ. ਐਸ. ਯੂਨਿਟ, ਈਕੋ ਕਲੱਬ ਤੇ ਰੈੱਡ ਰਿਬਨ ਕਲੱਬ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ਵ ਧਰਤੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਨਾਲ ਹੋਈ, ਜਿਸ 'ਚ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਸਹੁੰ ਚੁੱਕ ਸਮਾਗਮ ਵੀ ਕਰਵਾਇਆ, ਜਿਸ 'ਚ ਵਿਦਿਆਰਥੀਆਂ ਤੇ ਸਟਾਫ਼ ਨੇ ਪਲਾਸਟਿਕ ਦੀ ਵਰਤੋਂ ਘਟਾਉਣ, ਪਾਣੀ ਅਤੇ ਊਰਜਾ ਦੀ ਬਚਤ ਕਰਨ, ਬੂਟੇ ਲਗਾਉਣ ਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਸਹੁੰ ਚੁੱਕੀ | ਇਸ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਾਤਾਵਰਨ ਦੀ ਰੱਖਿਆ ਲਈ ਸਮੂਹਿਕ ਯਤਨਾਂ ਦੀ ਮਹੱਤਤਾ ਉਜਾਗਰ ਕੀਤੀ | ਇਹ ਪ੍ਰੋਗਰਾਮ ਮੈਡਮ ਸੁਨੀਤਾ ਕਲੇਰ ਦੀ ਦੇਖ-ਰੇਖ ਵਿਚ ਸਫਲਤਾ ਪੂਰਵਕ ਸਮਾਪਤ ਹੋਇਆ |