ਭੁਲੱਥ, 25 ਅਪ੍ਰੈਲ (ਮੇਹਰ ਚੰਦ ਸਿੱਧੂ)-ਆਮ ਪਾਰਟੀ ਦੇ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਬਗਾਵਤ ਕਰਨ 'ਤੇ 'ਆਪ' ਦੇ ਵਰਕਰਾਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ | ਭੁਲੱਥ ਹਲਕੇ ਤੋਂ 'ਆਪ' ਦੇ ਅਨੇਕਾਂ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਬਾਉਲੀ, ਸਰਬਜੀਤ ਸਿੰਘ ਮਾਨ, ਮਲਕੀਤ ਸਿੰਘ ਟਾਂਡੀ, ਰਾਕੇਸ਼ ਕੁਮਾਰ ਮੁਰਾਰ, ਸਿਮਰਨਜੀਤ ਸਿੰਘ, ਧਿਆਨ ਸਿੰਘ ਢਿਲਵਾਂ ਭੁਲੱਥ ਵਿਖੇ ਇਕੱਠੇ ਹੋਏ | ਜਿਸ ਦੌਰਾਨ ਸਾਰੇ ਬਲਾਕ ਪ੍ਰਧਾਨਾਂ ਨੇ ਪਾਰਟੀ ਖ਼ਿਲਾਫ਼ ਬਗਾਵਤ ਕਰਨ ਵਾਲੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਆਪਣਾ ਰੋਸ ਕੱਢਿਆ | ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਬਾਓਲੀ ਨੇ ਕਿਹਾ ਕਿ ਭਾਜਪਾ ਵਿਚ ਜਾਣ ਵਾਲੇ ਸਾਡੇ ਰਾਜ ਸਭਾ ਮੈਂਬਰਾਂ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ | ਉਨ੍ਹਾਂ ਕਿਹਾ ਕਿ ਜੇਕਰ ਕੁਝ ਗਏ ਹਨ ਤੇ ਕਈ ਦੂਜੀਆਂ ਪਾਰਟੀਆਂ 'ਚੋਂ ਸਾਡੇ ਵੱਲ ਆਉਣ ਨੂੰ ਵੀ ਤਿਆਰ ਬੈਠੇ ਹਨ | ਉਨ੍ਹਾਂ ਕਿਹਾ ਕਿ ਭੁਲੱਥ ਹਲਕੇ 'ਚ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਥਿਤੀ ਬਹੁਤ ਮਜ਼ਬੂਤ ਹੈ | ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਪਸੰਦ ਕਰਦੇ ਹਨ ਤੇ ਆਮ ਆਦਮੀ ਪਾਰਟੀ ਦੇ ਨਾਲ ਹਨ | ਬਲਾਕ ਪ੍ਰਧਾਨ ਸਰਬਜੀਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਧਾਰ ਬਹੁਤ ਮਜ਼ਬੂਤ ਹੈ, ਜੋ ਲੋਕਾਂ ਨੇ ਬਣਾਈ ਹੈ ਤੇ ਲੋਕਾਂ ਦੀ ਹੀ ਰਹੇਗੀ |