ਸੁਲਤਾਨਪੁਰ ਲੋਧੀ, 25 ਅਪ੍ਰੈਲ (ਥਿੰਦ)-ਨਸ਼ਿਆਂ ਖ਼ਿਲਾਫ਼ ਕਪੂਰਥਲਾ ਜ਼ਿਲ੍ਹੇ ਅੰਦਰ ਐਸ. ਐਸ. ਪੀ. ਗੌਰਵ ਤੂਰਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ | ਪੁਲਿਸ ਵਲੋਂ ਚੁੱਕੇ ਗਏ ਕਦਮਾਂ ਸਦਕਾ ਨਸ਼ੇ ਤੋਂ ਪ੍ਰਭਾਵਿਤ ਨੌਜਵਾਨਾਂ ਨੇ ਨਸ਼ਿਆਂ ਤੋਂ ਤੌਬਾ ਕਰਨ ਦਾ ਮਨ ਬਣਾ ਲਿਆ ਹੈ | ਇਹ ਪ੍ਰਗਟਾਵਾ ਕਰਦਿਆਂ ਮਾਂ ਖੇਡ ਕਬੱਡੀ ਨੂੰ ਸਮਰਪਿਤ ਬਾਬਾ ਬਘੇਲ ਸਿੰਘ ਕਬੱਡੀ ਕਲੱਬ ਦੇ ਪ੍ਰਬੰਧਕਾਂ ਨਵਪ੍ਰੀਤ ਸਿੰਘ, ਸਿੱਖਿਆ ਪ੍ਰਬੰਧਕ ਸੁਖਦੇਵ ਸਿੰਘ ਜੱਜ, ਡਾ. ਹਰਜੀਤ ਸਿੰਘ ਮੈਂਬਰ ਲੋਕ ਅਦਾਲਤ, ਸਮਾਜ ਸੇਵਕ ਰਮਿੰਦਰ ਸਿੰਘ ਤੇ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਕਰਦਿਆਂ ਉਨ੍ਹਾਂ ਨੂੰ ਭਾਜੜਾਂ ਪਾ ਦਿੱਤੀਆਂ ਹਨ | ਇਸੇ ਤਰ੍ਹਾਂ ਨਸ਼ੇ ਨਾਲ ਪ੍ਰਭਾਵਿਤ ਨੌਜਵਾਨਾਂ ਨੂੰ ਸੂਝ ਬੂਝ ਨਾਲ ਸਮਝਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵਲੋਂ ਨੌਜਵਾਨਾਂ ਦੇ ਇਲਾਜ ਲਈ ਪੁਲਿਸ ਪ੍ਰਸ਼ਾਸਨ ਤੇ ਮਾਪਿਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਅਸੀਂ ਆਪਣੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਹਾਲਾਤ ਖ਼ਰਾਬ ਹੋ ਸਕਦੇ ਹਨ | ਐਸ. ਐਸ. ਪੀ. ਗੌਰਵ ਤੂਰਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੇ ਮਾਪਿਆਂ ਵਿਚ ਵੱਡੀ ਆਸ ਜਗਾਈ ਹੈ ਕਿ ਹੁਣ ਨਸ਼ਿਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ | ਇਸ ਮੌਕੇ ਉਨ੍ਹਾਂ ਨੇ ਨਸ਼ੇ ਨਾਲ ਪ੍ਰਭਾਵਿਤ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ |