ਫਗਵਾੜਾ, 25 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਅਰਬਨ ਅਸਟੇਟ ਵਿਖੇ ਸਥਿਤ ਕੋਠੀ 'ਚ ਚੋਰੀ ਕਰਦੇ ਸਮੇਂ ਦੋ ਵਿਅਕਤੀਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ, ਜਿਸ ਸੰਬੰਧ 'ਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਬਲਵੰਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਗੜੀ ਮਹਾਂ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਐਜੂਕੇਸ਼ਨ ਵਿਭਾਗ 'ਚੋਂ ਰਿਟਾਇਰਡ ਹੈ ਤੇ ਅਰਬਨ ਅਸਟੇਟ ਵਿਖੇ ਉਸਦੇ ਰਿਸ਼ਤੇਦਾਰ ਜਗਮੋਹਨ ਸਿੰਘ ਦੀ ਕੋਠੀ ਹੈ, ਜਿਸ ਦੀ ਉਹ ਦੇਖਭਾਲ ਕਰਦਾ ਹੈ | ਉਹ ਕੋਠੀ ਵੱਲ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਕੋਠੀ ਅੰਦਰ ਦੋ ਨੌਜਵਾਨ ਵੜੇ ਹੋਏ ਸਨ ਤੇ ਅੰਦਰੋਂ ਭੰਨਤੋੜ ਦੀ ਆਵਾਜ਼ ਆ ਰਹੀ ਸੀ ਜਦੋਂ ਉਸ ਨੇ ਆਲੇ ਦੁਆਲੇ ਲੋਕਾਂ ਨੂੰ ਇਕੱਠਾ ਕਰਕੇ ਕੋਠੀ ਅੰਦਰ ਦੇਖਿਆ ਤਾਂ ਇਨ੍ਹਾਂ ਬਾਥਰੂਮ ਤੇ ਰਸੋਈ 'ਚ ਲੱਗੀਆਂ ਟੂਟੀਆਂ ਤੇ ਹੋਰ ਸਾਮਾਨ ਚੋਰੀ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ | ਜਿਸ ਸੰਬੰਧ 'ਚ ਪੁਲਿਸ ਨੇ ਗੁਲਸ਼ਨ ਕੁਮਾਰ ਉਰਫ਼ ਗੋਸਾ ਪੁੱਤਰ ਜਸਵਿੰਦਰਪਾਲ ਵਾਸੀ ਡਰੋਲੀ ਕੇ ਥਾਣਾ ਆਦਮਪੁਰ ਤੇ ਗੁਰਪ੍ਰੀਤ ਉਰਫ਼ ਗੋਰਾ ਪੁੱਤਰ ਕਮਲਜੀਤ ਵਾਸੀ ਖੋਥੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |