ਕਪੂਰਥਲਾ, 26 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਦੀ ਚੋਣ ਤੋਂ ਪਹਿਲਾਂ ਵਾਰਡ ਨੰਬਰ 47 ਤੋਂ ਕਾਂਗਰਸ ਨਾਲ ਸੰਬੰਧਿਤ ਮਨਜਿੰਦਰ ਸਿੰਘ ਮਨੀ ਤੇ ਦਲਬੀਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਸੰਬੰਧ 'ਚ ਹੋਏ ਇਕ ਸੰਖੇਪ ਜਿਹੇ ਸਮਾਗਮ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਕਪੂਰਥਲਾ ਹਲਕੇ ਦੇ ਅਕਾਲੀ ਦਲ ਇੰਚਾਰਜ ਐਚ. ਐਸ. ਵਾਲੀਆ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ | ਅਕਾਲੀ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਦੀ ਚੋਣ ਨੂੰ ਮੁੱਖ ਰੱਖ ਕੇ ਦੂਜੇ ਸਿਆਸੀ ਪਾਰਟੀਆਂ ਦੇ ਆਗੂ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ, ਜਿਸ ਵਿਚ ਪਾਰਟੀ ਨੂੰ ਮਜ਼ਬੂਤੀ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਇੱਕੋ ਇਕ ਸਿਆਸੀ ਪਾਰਟੀ ਹੈ, ਜਿਸ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਪਾਣੀਆਂ ਦੀ ਰਾਖੀ ਸਮੇਤ ਲੋਕ ਹਿੱਤਾਂ ਨਾਲ ਸੰਬੰਧਿਤ ਮਾਮਲੇ ਬਹੁਤ ਹੀ ਪ੍ਰਮੁੱਖਤਾ ਨਾਲ ਉਠਾਏ | ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ, ਬਹੁਜਨ ਸਮਾਜ ਪਾਰਟੀ ਤੇ ਹੋਰ ਸਿਆਸੀ ਪਾਰਟੀਆਂ ਨੇ ਹੋਰ ਸਿਆਸੀ ਪਾਰਟੀਆਂ ਦੀ ਰਾਜਨੀਤੀ ਤੇ ਚੋਣ ਨੀਤੀ ਕੇਂਦਰੀ ਲੀਡਰਸ਼ਿਪ ਦੀ ਸੋਚ ਤੇ ਸਿਆਸਤ 'ਤੇ ਆਧਾਰਤ ਹੁੰਦੀ ਹੈ | ਦਲਵਿੰਦਰ ਸਿੰਘ ਸਿੱਧੂ ਤੇ ਐਚ. ਐਸ. ਵਾਲੀਆ ਨੇ ਕਿਹਾ ਕਿ ਨਗਰ ਨਿਗਮ ਦੀ ਹੋਣ ਵਾਲੀ ਚੋਣ 'ਚ ਅਕਾਲੀ ਦਲ ਆਪਣੇ ਦਮ 'ਤੇ ਚੋਣ ਲੜੇਗਾ ਤੇ ਵੱਡੇ ਬਹੁਮਤ ਨਾਲ ਜਿੱਤ ਕੇ ਨਿਗਮ 'ਤੇ ਕਾਬਜ਼ ਹੋਵੇਗਾ | ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਦੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮੌਕਾ ਦੇਣ, ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਅਕਾਲੀ ਐਸ. ਸੀ. ਵਿੰਗ ਦੇ ਸੂਬਾ ਸੀਨੀਅਰ ਉਪ ਪ੍ਰਧਾਨ ਜੀਆ ਲਾਲ ਨਾਹਰ, ਸ਼ਹਿਰੀ ਪ੍ਰਧਾਨ ਅਜੇ ਬਬਲਾ, ਯੂਥ ਸ਼ਹਿਰੀ ਪ੍ਰਧਾਨ ਨੀਰਜ ਨਾਹਰ, ਵਾਰਡ ਨੰਬਰ 47 ਦੇ ਇੰਚਾਰਜ ਟੀਟੂ ਮਾਹਲਾ, ਮਹਿੰਦਰ ਸਿੰਘ ਉੱਚਾ ਧੋੜਾ, ਮਨਜੀਤ ਸਹੋਤਾ, ਅਮਰੀਕ ਸਿੰਘ, ਚਰਨਜੀਤ, ਲਵਜੋਤ ਸਿੰਘ ਮਾਹਲਾ, ਲਵੀ ਸਾਵਰ, ਜਸਕਰਨ ਸਿੰਘ ਮਾਹਲਾ, ਅਨੁਰਾਗ ਸਿੰਘ ਮਾਹਲਾ, ਪਿ੍ੰਸ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ |