ਡਡਵਿੰਡੀ, 26 ਅਪ੍ਰੈਲ (ਦਿਲਬਾਗ ਸਿੰਘ ਝੰਡ)-ਵੱਡੇ-ਵੱਡੇ ਦਾਅਵੇ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਉੱਘੇ ਸਮਾਜ ਸੇਵਕ ਤੇ ਯੂਥ ਆਗੂ ਅਮਨਦੀਪ ਸਿੰਘ ਭਿੰਡਰ ਮੋਠਾਂਵਾਲ ਨੇ ਕਿਹਾ ਹੈ ਕਿ ਜੇ ਪਾਰਟੀ ਆਪਣੇ ਹੀ ਚੁਣੇ ਹੋਏ ਨੇਤਾਵਾਂ ਨੂੰ ਨਹੀਂ ਸੰਭਾਲ ਸਕਦੀ ਤਾਂ ਉਹ ਪੰਜਾਬ ਨੂੰ ਕਿਵੇਂ ਸੰਭਾਲੇਗੀ | ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਦੀ ਘਟਨਾ 'ਆਪ' ਦੀ ਵਿਚਾਰਧਾਰਕ ਕਮਜ਼ੋਰੀ ਤੇ ਅਸਥਿਰਤਾ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਸਾਫ਼ ਸੰਕੇਤ ਹੈ ਕਿ ਪਾਰਟੀ ਅੰਦਰੂਨੀ ਤੌਰ 'ਤੇ ਟੁੱਟ ਚੁੱਕੀ ਹੈ ਤੇ ਵਰਕਰਾਂ ਤੇ ਆਗੂਆਂ ਦਾ ਲੀਡਰਸ਼ਿਪ 'ਤੇ ਭਰੋਸਾ ਖ਼ਤਮ ਹੋ ਚੁੱਕਾ ਹੈ | ਉਨ੍ਹਾਂ ਭਾਜਪਾ 'ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਵਲੋਂ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਆਪਣੇ ਨਾਲ ਮਿਲਾਇਆ ਜਾ ਰਿਹਾ ਹੈ ਅਤੇ ਇਹ ਦੇਸ਼ ਦੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ |