ਫਗਵਾੜਾ, 26 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਪਰਮ ਪੂਜਨੀਕ ਬ੍ਰਹਮ ਗਿਆਨੀ, ਮਹਾਨ ਤਪੱਸਵੀ, ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦਾ 29ਵਾਂ ਬਰਸੀ ਸਮਾਗਮ 13 ਮਈ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦਗੜ੍ਹ (ਭੋਗਪੁਰ) ਵਿਖੇ ਸੰਤ ਸੇਵਕ ਜਥਾ ਸੰਤ ਬਾਬਾ ਰਣਜੀਤ ਸਿੰਘ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ (ਭੋਗਪੁਰ), ਬਾਬਾ ਜੀ ਦਾ ਪਰਿਵਾਰ ਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪਰਮੇਸ਼ਰ ਸਿੰਘ ਨੇ ਦੱਸਿਆ ਕਿ 11 ਮਈ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ | 13 ਮਈ ਨੂੰ ਸਵੇਰੇ 8.30 ਵਜੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਹੋਵੇਗਾ, ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਢਾਡੀ ਅਜਾਇਬ ਸਿੰਘ ਅਣਖੀ ਬਠਿੰਡੇ ਵਾਲੇ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਇੰਟਰਨੈਸ਼ਨਲ ਪੰਥਕ ਢਾਡੀ ਭਾਈ ਗੁਰਦਿਆਲ ਸਿੰਘ ਲੱਖਪੁਰ ਆਦਿ ਜਥਿਆਂ ਤੋਂ ਇਲਾਵਾ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਤੇ ਮਹਾਂਪੁਰਸ਼ ਸੰਗਤਾਂ ਨੂੰ ਕਥਾ, ਕੀਰਤਨ, ਢਾਡੀ ਵਾਰਾਂ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਲੰਗਰ ਤੇ ਛਬੀਲਾਂ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ |