ਨਡਾਲਾ, 26 ਅਪ੍ਰੈਲ (ਰਘਬਿੰਦਰ ਸਿੰਘ)-ਲੱਖਣ ਕੇ ਪੱਡਾ ਦੀ ਅਨਾਜ ਮੰਡੀ 'ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮੰਡੀ ਵਿਚ ਕਈ ਦਿਨਾਂ ਤੋਂ ਪਈ ਫ਼ਸਲ ਨਾ ਚੁੱਕਣ ਕਰਕੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਆੜ੍ਹਤੀ ਸੋਹਣ ਸਿੰਘ ਪੱਡਾ, ਅਮਰੀਕ ਸਿੰਘ ਬਰਾੜ, ਕੁਲਦੀਪ ਸਿੰਘ ਬਿੱਟੂ, ਰਾਜਵੀਰ ਸਿੰਘ ਬਾਮੂੰਵਾਲ, ਕਰਨੈਲ ਸਿੰਘ ਸਾਬਕਾ ਸਰਪੰਚ, ਹੈਪੀ ਆੜ੍ਹਤੀ, ਮੰਗਲ ਸਿੰਘ ਸ਼ਾਹ ਤੇ ਸਤਪਾਲ ਸਿੰਘ ਭੁੱਲਰ ਨੇ ਕਿਹਾ ਕਿ ਮੰਡੀ 'ਚ ਫ਼ਸਲ ਦੀ ਲਿਫ਼ਟਿੰਗ ਸਮੇਂ ਸਿਰ ਨਾ ਹੋਣ ਕਾਰਨ ਢੇਰੀਆਂ ਲੱਗੀਆਂ ਪਈਆਂ ਹਨ, ਜਿਸ ਨਾਲ ਨਾ ਸਿਰਫ਼ ਜਗ੍ਹਾ ਦੀ ਕਮੀ ਪੈ ਰਹੀ ਹੈ, ਸਗੋਂ ਮੌਸਮ ਖ਼ਰਾਬ ਹੋਣ ਦੀ ਸੂਰਤ 'ਚ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਵੀ ਡਰ ਬਣਿਆ ਹੋਇਆ ਹੈ | ਉਨ੍ਹਾਂ ਨੇ ਸਰਕਾਰ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਤੁਰੰਤ ਲਿਫ਼ਟਿੰਗ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਆੜ੍ਹਤੀਆਂ ਤੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ |