ਭੁਲੱਥ, 27 ਅਪ੍ਰੈਲ (ਮੇਹਰ ਚੰਦ ਸਿੱਧੂ)-ਸੂਬਾ ਪੰਜਾਬ ਅੰਦਰ ਆਏ ਦਿਨ ਨਸ਼ਿਆਂ ਨਾਲ ਮਰ ਰਹੀ ਪੰਜਾਬ ਦੀ ਜਵਾਨੀ ਚਿੰਤਾ ਦਾ ਵੱਡਾ ਵਿਸ਼ਾ ਬਣਦੀ ਜਾ ਰਹੀ ਤੇ ਨਸ਼ਿਆਂ ਨੇ ਪੰਜਾਬ ਦੇ ਅਨੇਕਾਂ ਨੌਜਵਾਨ ਬੱਚੇ ਆਪਣੀ ਲਪੇਟ 'ਚ ਲੈ ਕੇ ਮੌਤ ਦੀ ਆਗੋਸ਼ ਵਿਚ ਪਹੁੰਚਾ ਕੇ ਗਰੀਬ ਘਰਾਂ ਦੇ ਚਿਰਾਗ ਗੁੱਲ ਕਰਕੇ ਰੱਖ ਦਿੱਤੇ ਹਨ | ਇਹ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਸ਼ਿਆਂ ਦੇ ਮੁੱਦੇ 'ਤੇ ਵੱਡੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਪੰਜਾਬ ਅੰਦਰ ਭਗਵੰਤ ਮਾਨ ਦੀ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਕਲੰਕ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹਾ ਕਪੂਰਥਲਾ ਅੰਦਰ ਹੀ ਅਪ੍ਰੈਲ ਮਹੀਨੇ ਦੌਰਾਨ ਸੁਲਤਾਨਪੁਰ ਲੋਧੀ ਦੇ ਇਲਾਕੇ ਅੰਦਰ ਪੰਜ ਨੌਜਵਾਨ ਦੀ ਨਸ਼ਿਆਂ ਕਰਕੇ ਮੌਤ ਹੋ ਚੁੱਕੀ ਹੈ ਤੇ ਨਡਾਲਾ ਦੇ ਨਾਲ ਲੱਗਦੇ ਪਿੰਡ ਰਾਏਪੁਰ ਅਰਾਈਆਂ ਅੰਦਰ ਤਿੰਨ ਨੌਜਵਾਨ ਨਸ਼ਿਆਂ ਦੀ ਬਲੀ ਚੜ ਚੁੱਕੇ ਹਨ | ਸੂਬਾ ਸਰਕਾਰ ਨਸ਼ਿਆਂ ਨੂੰ ਬੰਦ ਕਰਵਾਉਣ ਸੰਬੰਧੀ ਝੂਠੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ, ਦੂਜੇ ਪਾਸੇ ਸੂਬਾ ਪੰਜਾਬ ਅੰਦਰ ਅਨੇਕਾਂ ਨੌਜਵਾਨ ਨਸ਼ਿਆਂ 'ਚ ਗ੍ਰਸਤ ਹੁੰਦੇ ਨਜ਼ਰ ਆ ਰਹੇ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਨਸ਼ਿਆਂ ਖ਼ਿਲਾਫ਼ ਤੇ ਨਸ਼ਿਆਂ ਦੇ ਵਿਕਰੇਤਾਵਾਂ ਖ਼ਿਲਾਫ਼ ਲਾਮਬੰਦ ਹੋਣਾ ਪਵੇਗਾ ਤੇ ਅੱਜ ਦੇ ਦੌਰ ਅੰਦਰ ਜੋ ਪੰਜਾਬ ਦੀ ਸਥਿਤੀ ਨਸ਼ਿਆਂ ਦੇ ਮੁੱਦੇ 'ਤੇ ਗੰਭੀਰ ਬਣਦੀ ਜਾ ਰਹੀ ਹੈ ਇਸ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਸੂਝਵਾਨ ਲੋਕ ਅੱਗੇ ਆਉਣ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਗ੍ਰਸਤ ਹੋਣ ਤੋਂ ਬਚਾਇਆ ਜਾ ਸਕੇ |
ਆਏ ਦਿਨ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ-ਸੁਖਪਾਲ ਸਿੰਘ ਖਹਿਰਾ <br/>
ਅਜੀਤ ਡੈਸਕ
28-04-2026