ਫਗਵਾੜਾ, 27 ਅਪੈ੍ਰਲ (ਹਰਜੋਤ ਸਿੰਘ ਚਾਨਾ)-ਗੈਸ ਏਜੰਸੀ ਦੇ ਪ੍ਰਬੰਧਕਾਂ ਵਲੋਂ ਸਿਲੰਡਰ ਨਾ ਦੇਣ ਦੇ ਰੋਸ ਵਜੋਂ ਖਪਤਕਾਰਾਂ ਵਲੋਂ ਹੁਸ਼ਿਆਰਪੁਰ ਰੋਡ 'ਤੇ ਸਥਿਤ ਗੋਗਨਾ ਗੈਸ ਏਜੰਸੀ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਹਰਭਜਨ ਸਿੰਘ ਬਾਜਵਾ ਤੇ ਹੋਰ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਗੈਸ ਏਜੰਸੀ ਦੇ ਪ੍ਰਬੰਧਕਾਂ ਵਲੋਂ ਸਿਲੰਡਰ ਬੁੱਕ ਹੋਣ ਦੇ ਬਾਵਜੂਦ ਵੀ ਸਿਲੰਡਰ ਨਹੀਂ ਦਿੱਤੇ ਜਾ ਰਹੇ ਹਨ ਇੱਥੋਂ ਤੱਕ ਕਿ ਕਈ ਸਲੰਡਰਾਂ ਦੀ ਸਬਸਿਡੀ ਖਾਤਿਆਂ 'ਚ ਆ ਚੁੱਕੀ ਹੈ ਪਰ ਸਿਲੰਡਰ ਨਹੀਂ ਮਿਲੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾਅਵੇ ਕਰ ਰਹੀ ਹੈ ਕਿ ਲੋਕਾਂ ਨੂੰ ਗੈਸ ਸੰਬੰਧੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਉਹ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੇ ਸਿਲੰਡਰ ਇਸ ਗੈਸ ਏਜੰਸੀ ਤੋਂ ਤਬਦੀਲ ਕਰਕੇ ਹੋਰ ਏਜੰਸੀ ਨੂੰ ਦਿੱਤੇ ਜਾਣ ਤਾਂ ਜੋ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਸਕੇ |