ਫਗਵਾੜਾ, 4 ਮਈ (ਹਰਜੋਤ ਸਿੰਘ ਚਾਨਾ)-ਵਾਲਮੀਕਿ ਸਮਾਜ ਦੇ ਵਾਰਡ ਦੇ ਕੰਮਾਂ 'ਚ ਕੋਈ ਵਿਕਾਸ ਨਾ ਹੋਣ ਤੇ ਜਨ ਗਣਨਾ ਦੇ ਕਾਲਮ 'ਚ ਵਾਲਮੀਕਿ ਭਾਈਚਾਰੇ ਸਬੰਧੀ ਵਰਤੀ ਸ਼ਬਦਾਵਲੀ ਦੇ ਖਿਲਾਫ਼ 6 ਮਈ ਨੂੰ ਸਮਾਜ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕਰੇਗਾ | ਇਹ ਪ੍ਰਗਟਾਵਾ ਵਾਲਮੀਕਿ ਆਗੂ ਧਰਮਵੀਰ ਸੇਠੀ, ਆਪ ਕੌਂਸਲਰ ਸ਼ਾਇਰਾ ਨੇ ਪ੍ਰੈੱਸ ਮੀਟਿੰਗ 'ਚ ਕੀਤਾ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 19 ਜਿਸ 'ਚ ਵਾਲਮੀਕਿ ਮੁਹੱਲਾ, ਗੁਜਰਾਤੀਆਂ ਮੁਹੱਲਾ, ਮੁਟਿਆਰਪੁਰਾ, ਥਾਣੇਦਾਰ ਮੁਹੱਲਾ ਆਦਿ ਖੇਤਰ ਆਉਂਦੇ ਹਨ | ਇਨ੍ਹਾਂ ਖੇਤਰਾਂ 'ਚ ਨਗਰ ਨਿਗਮ ਬਣਨ ਤੋਂ ਬਾਅਦ ਅੱਜ ਤੱਕ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੇ ਧਿਆਨ 'ਚ ਵੀ ਲਿਆਂਦਾ ਹੈ ਪਰ ਸਾਡੇ ਇਲਾਕੇ ਦਾ ਕੋਈ ਵਿਕਾਸ ਨਹੀਂ ਹੋ ਰਿਹਾ | ਗਲੀਆਂ, ਸੜਕਾਂ ਤੇ ਨਾਲੀਆਂ ਟੁੱਟੀਆਂ ਪਈਆਂ ਹਨ ਤੇ ਲੋਕਾਂ ਨੂੰ ਜੁਆਬ ਦੇਣ ਲਈ ਸਾਡੇ ਕੋਲ ਜੁਆਬ ਨਹੀਂ | ਉਨ੍ਹਾਂ ਕਿਹਾ ਕਿ ਅਜੇ ਤੱਕ ਸਾਡੇ ਵਾਰਡ 'ਚ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ, ਮਹਿਲਾਵਾਂ ਲਈ ਐਲਾਨੀ ਰਾਸ਼ੀ ਦੇਣ ਸਬੰਧੀ ਕੋਈ ਵੀ ਕੈਂਪ ਨਹੀਂ ਲਗਾਇਆ ਹੈ ਜਿਸ ਤੇ ਸਾਡੇ ਸਮਾਜ ਨੂੰ ਸਖ਼ਤ ਰੋਸ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਰਵਾਈ ਜਾ ਰਹੀ ਜਨ ਗਣਨਾ ਦੇ 'ਚ ਇੱਕ ਰੱਖੇ ਕਾਲਮ 'ਚ ਵਾਲਮੀਕਿ ਸਮਾਜ ਪ੍ਰਤੀ ਚੰਗੀ ਸ਼ਬਦਾਵਲੀ ਨਹੀਂ ਵਰਤੀ ਹੈ ਜਿਸ ਦਾ ਸਾਨੂੰ ਸਖ਼ਤ ਇਤਰਾਜ਼ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਨੂੰ ਲੈ ਕੇ 6 ਮਈ ਨੂੰ ਵਿਸ਼ਾਲ ਰੋਸ ਮੁਜ਼ਾਹਰਾ ਕਰਨਗੇ ਜਿਸ ਸਬੰਧੀ ਮੀਟਿੰਗ 5 ਮਈ ਨੂੰ ਵੀ ਰੱਖੀ ਗਈ ਹੈ |