ਕਪੂਰਥਲਾ, 6 ਮਈ (ਸਡਾਨਾ)-ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਆਬਕਾਰੀ ਵਿਭਾਗ ਦੀ ਟੀਮ ਨੇ ਭਾਰੀ ਮਾਤਰਾ ਵਿਚ ਲਾਹਨ ਬਰਾਮਦ ਕੀਤੀ ਹੈ | ਪ੍ਰਾਪਤ ਵੇਰਵੇ ਅਨੁਸਾਰ ਜ਼ਿਲ੍ਹਾ ਆਬਕਾਰੀ ਅਫ਼ਸਰ ਸੁਖਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਮੰਡ ਖੇਤਰ ਵਿਚ ਪੈਂਦੇ ਪਿੰਡ ਸ਼ਿਵਦਿਆਲ ਸਿੰਘ ਨੇੜੇ ਦਰਿਆ ਦੇ ਕੰਢੇ ਤੋਂ ਛਾਪੇਮਾਰੀ ਦੌਰਾਨ ਪੰਜ ਹਜ਼ਾਰ ਲੀਟਰ ਲਾਹਨ ਬਰਾਮਦ ਕੀਤੀ, ਜੋ ਕਿ ਡਰੰਮਾਂ ਵਿਚ ਪਾ ਕੇ ਰੱਖੀ ਗਈ ਸੀ ਤੇ ਟੀਮ ਨੇ ਬੇੜੀ ਰਾਹੀਂ ਦਰਿਆ ਪਾਰ ਕਰਕੇ ਤਲਾਸ਼ੀ ਦੌਰਾਨ ਡਰੰਮ ਤੇ ਚਾਲੂ ਭੱਠੀ ਦਾ ਸਮਾਨ ਬਰਾਮਦ ਕੀਤਾ ਤੇ ਮੌਕੇ 'ਤੇ ਹੀ ਬਰਾਮਦ ਕੀਤੀ 5 ਹਜ਼ਾਰ ਲੀਟਰ ਲਾਹਨ ਨਸ਼ਟ ਕੀਤੀ ਗਈ | ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਆਉਂਦੇ ਦਿਨਾਂ ਦੌਰਾਨ ਵੀ ਇਹ ਛਾਪੇਮਾਰੀ ਮੁਹਿੰਮ ਜਾਰੀ ਰੱਖੀ ਜਾਵੇਗੀ |