ਖਲਵਾੜਾ, 6 ਮਈ (ਮਨਦੀਪ ਸਿੰਘ ਸੰਧੂ)- ਫਗਵਾੜਾ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੇ ਪਹੁੰਚਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਫਗਵਾੜਾ ਨਲ ਸਬੰਧਿਤ ਅਧਿਆਪਕ ਆਗੂਆਂ ਸਤਵੰਤ ਟੂਰਾ, ਜਸਵੰਤ ਸਿੰਘ ਸੈਣੀ, ਪਰਮਿੰਦਰਪਾਲ ਸਿੰਘ, ਗੁਰਮੁਖ ਲੋਕਪ੍ਰੇਮੀ ਨੂੰ ਪੁਲਿਸ ਪ੍ਰਸ਼ਾਸਨ ਫਗਵਾੜਾ ਨੇ ਉਨ੍ਹਾਂ ਦੇ ਘਰਾਂ ਵਿਚ ਤੇ ਸਕੂਲਾਂ ਵਿਚ ਜ਼ਬਰੀ ਨਜ਼ਰਬੰਦ ਕਰ ਦਿੱਤਾ ਹੈ | ਅਧਿਆਪਕ ਆਗੂਆਂ ਨੂੰ ਜ਼ਬਰੀ ਨਜ਼ਰਬੰਦ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਤੇ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ, ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਸਕੱਤਰ ਗੁਰਨਾਮ ਸਿੰਘ ਸੈਣੀ ਤੇ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਕਿਹਾ ਕਿ ਆਗੂਆਂ ਨੂੰ ਜ਼ਬਰੀ ਘਰਾਂ ਵਿਚ ਅਤੇ ਥਾਣਿਆਂ ਵਿਚ ਪੁਲੀਸ ਪ੍ਰਸ਼ਾਸਨ ਰਾਹੀਂ ਬੰਦ ਕਰਵਾਉਣ ਦੀ ਬਜਾਏ, ਉਨ੍ਹਾਂ ਜਥੇਬੰਦੀਆਂ ਦੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾਈ ਆਗੂਆਂ ਨਾਲ ਸੁਖਾਵੇਂ ਮਾਹੌਲ ਵਿਚ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਸੀ | ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਆਗੂਆਂ ਨੂੰ ਜ਼ਬਰੀ ਨਜ਼ਰਬੰਦ ਕਰਨ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਤੁਰੰਤ ਕਰਨ ਲਈ ਗੰਭੀਰਤਾ ਨਾ ਦਿਖਾਈ ਤਾਂ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਧਾਨ ਸਭਾ ਚੋਣਾਂ 2027 ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਸਰਗਰਮ ਵੀ ਜ਼ਰੂਰ ਹੋਣਗੇ | ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਡੀ. ਐੱਮ. ਐੱਫ ਦੇ ਮੁਲਾਜ਼ਮ ਆਗੂ ਗੁਰਮੁਖ ਲੋਕਪ੍ਰੇਮੀ ਨੇ ਦੱਸਿਆ ਕਿ ਸਵੇਰ ਸਾਰ ਹੀ ਪੁਲਿਸ, ਮੁਲਾਜ਼ਮ ਆਗੂਆਂ ਦੇ ਘਰ ਆ ਧਮਕੀ ਅਤੇ ਉਨ੍ਹਾਂ ਨੂੰ ਘਰਾਂ ਚ ਨਜ਼ਰਬੰਦ ਕਰਕੇ ਬਿਠਾ ਲਿਆ | ਜਦਕਿ ਡੀ ਟੀ ਐੱਫ ਅਧਿਆਪਕ ਆਗੂ ਪੁਲਿਸ ਦੀ ਨਾ ਮੰਨਦੇ ਹੋਏ ਆਪਣੇ ਸਕੂਲ ਪਹੁੰਚ ਗਏ ਪਰ ਪੁਲਿਸ ਨੇ ਪਿੱਛੇ ਪਿੱਛੇ ਆ ਕੇ ਸਕੂਲ ਦੇ ਬਾਹਰ ਪਹਿਰਾ ਲਗਾਈ ਰੱਖਿਆ, ਜਿਸਤੋ ਬੱਚੇ, ਸਕੂਲ ਸਟਾਫ਼ ਅਤੇ ਪਿੰਡ ਵਾਸੀ ਵੀ ਹੈਰਾਨ ਪ੍ਰੇਸ਼ਾਨ ਹੋਏ | ਇਸ ਮੌਕੇ ਮਲਕੀਤ ਸਿੰਘ, ਸਤਨਾਮ ਪਰਮਾਰ, ਜਤਿੰਦਰ ਕੁਮਾਰ ਅਤੇ ਸੁਰਿੰਦਰ ਰਾਮ ਆਦਿ ਹਾਜ਼ਰ ਸਨ |