ਸੁਭਾਨਪੁਰ, 13 ਮਈ (ਸਤਨਾਮ ਸਿੰਘ)-ਧੰਨ-ਧੰਨ ਬਾਬਾ ਅਮਰਨਾਥ ਕਬੱਡੀ ਸਪੋਰਟਸ ਕਲੱਬ ਪਿੰਡ ਬੂਟ ਤੇ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਅਮਰਨਾਥ ਜੀ ਤੇ ਬਾਬਾ ਹੀਰਾ ਦਾਸ ਜੀ ਦੀ ਬਰਸੀ ਨੂੰ ਸਮਰਪਿਤ 8 ਵਾਂ ਮਹਾਨ ਕਬੱਡੀ ਕੱਪ 16 ਮਈ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਅਮਰਨਾਥ ਜੀ ਪਿੰਡ ਬੂਟ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਾ ਨਵਾਡ ਨੇ ਦੱਸਿਆ ਕੇ ਇਸ ਕਬੱਡੀ ਕੱਪ ਵਿਚ 4 ਚੋਟੀ ਦੇ ਕਲੱਬਾਂ ਦੇ ਮੈਚ ਕਰਵਾਏ ਜਾਣਗੇ | ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 85 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ | ਇਸ ਮੌਕੇ ਬੱਚਿਆਂ ਤੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ | ਸਰਪੰਚ ਰਾਜਪਾਲ ਸਿੰਘ ਨਵਾਡ ਨੇ ਦੱਸਿਆ ਕਿ ਸਵਰਗੀ ਸਵਰਨ ਸਿੰਘ ਨਵਾਡ ਦੇ ਪਰਿਵਾਰ ਦੇ ਸਹਿਯੋਗ ਸਦਕਾ ਕਾਲਾ ਨਵਾਡ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਖਾਂ ਦੀਆਂ ਬਿਮਾਰੀਆਂ ਨਾਲ ਸਬੰਧਿਤ ਮਰੀਜ਼ ਇਸ ਕੈਂਪ ਵਿਚ ਟਾਈਮ ਸਿਰ ਆ ਕੇ ਲਾਭ ਲੈਣ | ਇਸ ਕਬੱਡੀ ਕੱਪ ਵਿਚ ਮੁੱਖ ਮਹਿਮਾਨ ਹਲਕਾ ਕਪੂਰਥਲਾ ਦੇ ਐਮ.ਐਲ.ਏ. ਰਾਣਾ ਗੁਰਜੀਤ ਸਿੰਘ ਹੋਣਗੇ |