ਕਪੂਰਥਲਾ, 14 ਮਈ (ਅਮਰਜੀਤ ਕੋਮਲ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ 12ਵੀਂ ਜਮਾਤ ਦਾ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਦੱਸਿਆ ਕਿ ਸਕੂਲ ਦੀ ਕਾਮਰਸ ਗਰੁੱਪ ਦੀ ਵਿਦਿਆਰਥਣ ਸਚਨੀਤ ਕੌਰ ਨੇ 97.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚ ਪਹਿਲਾ, ਆਂਚਲ ਬਾਵਾ ਨੇ 97.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਤੇ ਬਿਪਨਜੋਤ ਕੌਰ ਨੇ 97 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਸਕੂਲ ਦੇ 57 ਵਿਦਿਆਰਥੀ 12ਵੀਂ ਦੀ ਪ੍ਰੀਖਿਆ ਵਿਚ ਬੈਠੇ ਜਿਨ੍ਹਾਂ ਵਿਚ 17 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੇ 31 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਜ਼ਿਲ੍ਹੇ ਵਿਚ ਰੌਸ਼ਨ ਕੀਤਾ | ਇਸੇ ਤਰ੍ਹਾਂ ਸਾਇੰਸ ਗਰੁੱਪ ਦੀ ਵਿਦਿਆਰਥਣ ਨਵਰੂਪ ਕੌਰ ਨੇ 94.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਹਰਮਨਪ੍ਰੀਤ ਕੌਰ ਨੇ 94.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਤੇ ਗੁਰਸ਼ਾਨ ਸਿੰਘ ਨੇ 90 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਲੈ ਕੇ ਸਕੂਲ ਦਾ ਮਾਣ ਵਧਾਇਆ | ਇੱਥੇ ਵਰਨਣਯੋਗ ਹੈ ਕਿ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਪੇਂਟਿੰਗ ਤੇ ਮਿਊਜ਼ਿਕ ਵਿਸ਼ੇ ਵਿਚੋਂ 100 ਅੰਕ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਦੌਰਾਨ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ, ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਜ਼ਿਲ੍ਹੇ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀ ਵਿਦਿਆਰਥਣਾਂ ਤੇ ਹੋਰ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੀਖਿਆ ਵਿਚ 80 ਤੋਂ ਲੈ ਕੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਇਸਦੀ ਸਫ਼ਲਤਾ ਦਾ ਸਿਹਰਾ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਸਿਰ ਬੰਨਿਆ, ਜਿਨ੍ਹਾਂ ਦੀ ਸਖ਼ਤ ਮਿਹਨਤ ਤੇ ਯੋਗ ਅਗਵਾਈ ਸਦਕਾ ਸਕੂਲ ਦੇ ਵਿਦਿਆਰਥੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਸਫ਼ਲ ਹੋਏ |